ਧਾਰਮਿਕ ਰਾਜਨੀਤਕ ਹੋਰ ਆਰਟੀਕਲ
ਖਿਦਰਾਣੇ ਦੀ ਢਾਬ

ਖਿਦਰਾਣੇ ਦੀ ਢਾਬ

ਖਿਦਰਾਣੇ ਦੀ ਢਾਬ

ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ ਅਤੇ ਇਸ ਜਗ੍ਹਾ 'ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤ੍ਹਾ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ ਤਾਂ ਥੱਲਿਓਂ ਪਾਣੀ ਹੀ ਇੰਨਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇਥੇ ਇਕ ਢਾਬ ਖੋਦਵਾਈ ਗਈ, ਜਿਸ ਵਿਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ ਅਤੇ ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਜਲਾਲਾਬਾਦ ਦਾ ਵਸਨੀਕ ਸੀ, ਜਿਸ ਕਰਕੇ ਇਸ ਦਾ ਨਾਂ ਖਿਦਰਾਣੇ ਦੀ ਢਾਬ ਮਸ਼ਹੂਰ ਸੀ।
ਇਸ ਜਗ੍ਹਾ 'ਤੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਅੰਤਿਮ ਜੰਗ ਲੜੀ, ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਜਦੋਂ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈ. ਵਿਚ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪ ਨੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦਿਆਂ ਵੱਖ-ਵੱਖ ਥਾਵਾਂ ਵਿਚ ਦੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਰੁਖ਼ ਕੀਤਾ। ਕੋਟਕਪੂਰੇ ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰੋਂ ਚੌਧਰੀ ਕਪੂਰੇ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ ਖਿਦਰਾਣੇ ਦੀ ਢਾਬ ਉਤੇ ਜਾ ਪਹੁੰਚੇ। ਗੁਰੂ ਜੀ ਖਿਦਰਾਣੇ ਅਜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀਆਂ ਫੌਜਾਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਇਥੇ ਪਹੁੰਚ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧਿਆਂ, ਜੋ ਕਿ ਕਦੇ ਬੇਦਾਵਾ ਦੇ ਗਏ ਸਨ, ਨੇ ਵੀ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ 'ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਇਰਦ-ਗਿਰਦ ਝਾੜ ਉੱਗੇ ਹੋਏ ਸਨ। ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆÀੁਂਦੀ ਫੌਜ ਉਤੇ ਇਕਦਮ ਬਾਜ਼ਾਂ ਵਾਂਗ ਝਪਟ ਪਏ। ਇਹ ਲੜਾਈ 21 ਵਿਸਾਖ ਸੰਮਤ 1762 ਬਿਕ੍ਰਮੀ ਨੂੰ ਹੋਈ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ 'ਚੋਂ ਭੱਜ ਗਈਆਂ। ਇਸ ਜੰਗ 'ਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਤੇ ਗੁਰੂ ਜੀ ਦੇ ਵੀ ਕਈ ਸਿੰਘ ਸ਼ਹੀਦ ਹੋ ਗਏ। ਇਸੇ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ ਤੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ 'ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾ ਸਿੰਘ ਨੇ ਇਸੇ ਜਗ੍ਹਾ 'ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ 'ਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ 'ਚ ਸ਼ਾਮਲ ਕਰ ਲਿਆ।
ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਟੁੱਟੀ ਗੰਢੀ ਸਾਹਿਬ-ਇਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿਚ ਲੈ ਕੇ ਭਾਈ ਮਹਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਆਨੰਦਪੁਰ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ।
ਗੁਰਦੁਆਰਾ ਤੰਬੂ ਸਾਹਿਬ-ਮੁਗਲਾਂ ਨਾਲ ਖਿਦਰਾਣੇ ਦੀ ਜੰਗ ਸਮੇਂ ਜਿਸ ਜਗ੍ਹਾ 'ਤੇ ਸਿੱਖਾਂ ਵਲੋਂ ਤੰਬੂ ਲਗਾਏ ਗਏ ਸਨ, ਉਥੇ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਮਾਤਾ ਭਾਗ ਕੌਰ ਜੀ- ਖਿਦਰਾਣੇ ਦੀ ਜੰਗ 'ਚ ਜੌਹਰ ਵਿਖਾਉਣ ਵਾਲੀ ਮਹਾਨ ਸਿੰਘਣੀ ਮਾਤਾ ਭਾਗੋ ਦੀ ਯਾਦ 'ਚ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਬਣਾਇਆ ਗਿਆ ਹੈ ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ-ਇਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜਿਸ ਕਾਰਨ ਇਸ ਦਾ ਨਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪ੍ਰਸਿੱਧ ਹੈ।
ਗੁਰਦੁਆਰਾ ਟਿੱਬੀ ਸਾਹਿਬ-ਇਸ ਜਗ੍ਹਾ 'ਤੇ ਇਕ ਉੱਚੀ ਟਿੱਬੀ ਸੀ, ਜਿਸ 'ਤੇ ਬੈਠ ਕੇ ਗੁਰੂ ਸਾਹਿਬ ਨੇ ਮੁਗਲਾਂ ਵਿਰੁੱਧ ਜੰਗ ਲੜੀ ਅਤੇ ਇਸੇ ਜਗ੍ਹਾ 'ਤੇ ਬੈਠ ਕੇ ਹੀ ਗੁਰੂ ਜੀ ਮੁਗਲ ਫੌਜ 'ਤੇ ਤੀਰ ਚਲਾਉਂਦੇ ਰਹੇ।
ਗੁਰਦੁਆਰਾ ਰਕਾਬਸਰ ਸਾਹਿਬ-ਇਹ ਉਹ ਸਥਾਨ ਹੈ, ਜਦੋਂ ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਉਤਰ ਕੇ ਖਿਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਲੱਗੇ  ਤਾਂ ਘੋੜੇ ਦੀ ਰਕਾਬ ਉੱਤੇ ਕਦਮ ਰੱਖਦਿਆਂ ਹੀ ਇਹ ਟੁੱਟ ਗਈ ਸੀ।  
ਗੁਰਦੁਆਰਾ ਦਾਤਣਸਰ ਸਾਹਿਬ -1706 ਈ. ਵਿਚ ਜਦੋਂ ਗੁਰੂ ਜੀ ਖਿਦਰਾਣੇ ਤੋਂ ਟਿੱਬੀ ਸਾਹਿਬ ਪਧਾਰੇ ਤਾਂ ਸਵੇਰੇ ਇਸ ਜਗ੍ਹਾ 'ਤੇ ਦਾਤਣ ਕੀਤੀ ਸੀ। ਇਹ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਲੱਗਭਗ 4 ਕਿਲੋਮੀਟਰ ਦੂਰ ਹੈ।
ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਣ ਸਾਹਿਬ-ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਣ ਸਾਹਿਬ ਬਠਿੰਡਾ ਰੋਡ 'ਤੇ ਸਥਿਤ ਹੈ, ਜਿਥੇ ਹਰ ਐਤਵਾਰ ਸ਼ਰਧਾਲੂ ਸਰੋਵਰ ਵਿਚ ਇਸ਼ਨਾਨ ਕਰਦੇ ਹਨ।
40 ਮੁਕਤਿਆਂ ਦੀ ਇਸ ਪਵਿੱਤਰ ਧਰਤੀ 'ਤੇ ਮਾਘੀ ਦੇ ਸ਼ੁਭ ਦਿਹਾੜੇ 'ਤੇ ਦੂਰ-ਦੁਰਾਡੇ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਇਥੇ ਬਣੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਆਪਣਾ ਜੀਵਨ ਸਫ਼ਲਾ ਕਰਦੇ ਹਨ।