ਧਾਰਮਿਕ ਰਾਜਨੀਤਕ ਹੋਰ ਆਰਟੀਕਲ
ਅਬਿ ਤੇ ਨਾਮ ਮੁਕਤਿਸਰ ਹੋਇ…ਜਥੇਦਾਰ ਅਵਤਾਰ ਸਿੰਘ

ਅਬਿ ਤੇ ਨਾਮ ਮੁਕਤਿਸਰ ਹੋਇ…

   ਜਦੋਂ ਕਿਤੇ ਸਿੱਖ ਇਤਿਹਾਸ ਵਿੱਚ ਖਿਦਰਾਣੇ ਦੀ ਢਾਬ ਦੀ ਗੱਲ ਹੁੰਦੀ ਹੈ ਤਾਂ ਕਈ ਇਤਿਹਾਸਕ ਕਹਾਣੀਆਂ ਦੀ ਚਰਚਾ ਮੁੜ ਸੁਰਜੀਤ ਹੋ ਜਾਂਦੀ ਹੈ। ਇਸ ਅਧਿਆਇ ਨੇ ਆਪਣੇ-ਆਪ ਵਿੱਚ ਕੀਮਤੀ ਘੜੀਆਂ ਦਾ ਵਰਣਨ ਸੰਜੋਇਆ ਹੋਇਆ ਹੈ। ਇੱਥੇ ਹੀ ਟੁੱਟੀ ਹੋਈ ਪ੍ਰੀਤ ਦੇ ਮੁੜ ਗੰਢਣ ਦੀ ਕਹਾਣੀ ਬਣਦੀ ਹੈ। ਇੱਕ ਦੇ ਸਵਾ-ਲੱਖ ਨਾਲ ਲੜਨ ਦੀ ਸਮਰੱਥਾ ਦਾ ਪ੍ਰਗਟਾਵਾ ਹੁੰਦਾ ਹੈ। ਸਿੱਖਾਂ ਦੀ ਡੋਲਦੀ ਪ੍ਰੀਤ ਸਾਹਮਣੇ ਆਉਂਦੀ ਹੈ। ਅਬਲਾ ਇਸਤਰੀ ਦਾ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਮਾਈ ਭਾਗ ਕੌਰ ਦੇ ਰੂਪ ਵਿੱਚ ਗੁਰੂ ਦੀ ਸਿੰਘਣੀ ਬਣ ਕੇ ਮੈਦਾਨੇ ਜੰਗ ਵਿੱਚ ਜੌਹਰ ਵਿਖਾਉਣ ਦਾ ਸਬੱਬ ਬਣਦਾ ਹੈ। ਮੁਗ਼ਲਾਂ ਦੇ ਟਿੱਡੀ ਦਲ ਅਤੇ ਸਿੱਖਾਂ ਵਿਚਕਾਰ ਅੰਤਲੀ ਲੜਾਈ ਅਤੇ ਹਿੰਦੁਸਤਾਨ ਦੀ ਤਾਕਤਵਰ ਫ਼ੌਜ ਦਾ ਹਾਰ ਕੇ ਮੈਦਾਨੇ ਜੰਗ ਵਿੱਚੋਂ ਛੱਡ ਪਿਛਲੇ ਪੈਰੀਂ ਨੱਠ ਜਾਣਾ, ਦਸਮ ਪਾਤਸ਼ਾਹ ਦੁਆਰਾ ਆਪਣੇ ਸ਼ਹੀਦ ਸਿੱਖਾਂ ਨੂੰ ਮਨਸਬਦਾਰੀਆਂ ਬਖ਼ਸ਼ਣੀਆਂ ਅਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪੂਰਨਤਾ ਦੀ ਇਤਿਹਾਸਕ ਅਦੁੱਤੀ ਦੇਣ ਵੀ ਇਸ ਕੜੀ ਨਾਲ ਜੁੜਦੀ ਹੈ।
ਇਸ ਇਤਿਹਾਸ ਦਾ ਆਰੰਭ ਅਨੰਦਪੁਰ ਸਹਿਬ ਤੋਂ ਹੁੰਦਾ ਹੈ। ਮੁਗ਼ਲਾਂ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਲੱਖਾਂ ਦੀ ਗਿਣਤੀ ਵਾਲੀ ਫ਼ੌਜ ਨੇ ਆਨੰਦਪੁਰ ਦਾ ਘੇਰਾ ਕਾਫ਼ੀ ਤੰਗ ਕਰ ਦਿੱਤਾ ਸੀ। ਅਨੰਦਗੜ੍ਹ ਦੇ ਕਿਲ੍ਹੇ ਅੰਦਰ ਗੁਰੂ ਸਾਹਿਬ ਜੀ ਬੜੇ ਹੌਂਸਲੇ ਅਤੇ ਧੀਰਜ ਨਾਲ ਇਸ ਘੇਰੇ ਦਾ ਸਾਹਮਣਾ ਕਰ ਰਹੇ ਸਨ। ਅੰਦਰ ਖਾਣ-ਪੀਣ ਦੀ ਰਸਦ ਦੀ ਘਾਟ ਸਿੱਖ ਯੋਧੇ, ਮੁਗ਼ਲਾਂ ਤੇ ਅਚਨਚੇਤੀ ਹਮਲੇ ਕਰਕੇ ਪੂਰੀ ਕਰਦੇ ਰਹੇ, ਪਰ ਇਹ ਘੇਰਾ ਦਿਨੋ-ਦਿਨ ਕਰੜਾ ਹੁੰਦਾ ਗਿਆ। ਸਿੰਘ ਭੁੱਖੇ-ਤਿਹਾਏ ਰਹਿ ਕੇ ਵੀ ਵੈਰੀ ਦਲਾਂ ਦਾ ਟਾਕਰਾ ਕਰਦੇ ਰਹੇ। ਦਰੱਖਤਾਂ ਦੇ ਪੱਤੇ ਭਰੂ-ਭਰੂ ਕੇ ਖਾਂਦੇ ਰਹੇ। ਜਦੋਂ ਇਹ ਵੀ ਮੁੱਕ ਗਏ ਤਾਂ ਵਧੇਰੇ ਹੀ ਲਾਚਾਰ ਹੋ ਗਏ। ਕੁਝ ਸਿੱਖਾਂ ਦਾ ਹੌਸਲਾ ਸਚਮੁੱਚ ਢਹਿ-ਢੇਰੀ ਹੋ ਗਿਆ ਅਤੇ ਉਨ੍ਹਾਂ ਭੁੱਖ ਦਾ ਦੁੱਖ ਨਾ ਸਹਾਰਦਿਆਂ ਹੋਇਆਂ ਹਥਿਆਰ ਸੁੱਟ ਦਿੱਤੇ। ਇੱਕ ਕਹਾਵਤ ਹੈ ‘ਪੇਟ ਨਾ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ’ ਭੱੁਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ। ਭਗਤ ਕਬੀਰ ਜੀ ਨੇ ਵੀ ਤਾਂ ਆਖ ਦਿੱਤਾ ਸੀ-
ਭੂਖੇ ਭਗਤਿ ਨ ਕੀਜੈ ਯਹ ਮਾਲਾ ਅਪਨੀ ਲੀਜੈ     (ਪੰਨਾ 656)
ਭੁੱਖੇ ਸਿੰਘ ਸ਼ੇਰਾਂ ਵਾਂਗ ਲੜ ਰਹੇ ਸਨ ਪਰ ਕੁਝ ਸਿੰਘਾਂ ਨੇ ਭੁੱਖ-ਪਿਆਸ ਤੋਂ ਤੰਗ ਆ ਕੇ ਗੁਰੂ ਜੀ ਨੂੰ ਕਿਲ੍ਹਾ ਛੱਡ ਜਾਣ ਦੀ ਸਲਾਹ ਦਿੱਤੀ। ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁਝ ਕਾਹਲੇ ਸਿੰਘ, ਭਰਮ ਦਾ ਸ਼ਿਕਾਰ ਹੋ ਡੋਲ ਗਏ ਅਤੇ ‘ਬੇਦਾਵਾ’ ਲਿਖ ਕਿ ‘ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ’ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ।
ਕੁਝ ਦਿਨਾਂ ਪਿੱਛੋਂ, ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ‘ਤੇ ਬਾਕੀ ਬਚੇ ਸਿੰਘਾਂ ਦੀ ਕਿਲ੍ਹਾ ਖਾਲੀ ਕਰਨ ਦੀ ਸਲਾਹ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਗੁਰੂ ਜੀ ਨੂੰ ਦੁਸ਼ਮਣ ਦੀਆਂ ਝੂਠੀਆਂ ਕਸਮਾਂ ‘ਤੇ ਕੋਈ ਯਕੀਨ ਪਹਿਲਾਂ ਹੀ ਨਹੀਂ ਸੀ। ਉਹੋ ਗੱਲ ਹੋਈ, ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਕੀਮਤੀ ਸਾਹਿਤ ਅਤੇ ਬਹੁਤ ਸਾਰੇ ਪਿਆਰੇ ਸਿੰਘ ਸਰਸਾ ‘ਚ ਆਏ ਹੜ੍ਹ ਦੀ ਭੇਟ ਚੜ੍ਹ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਸਿੰਘਾਂ ਸਮੇਤ ਚਮਕੌਰ ਸਾਹਿਬ ਦੀ ਗੜ੍ਹੀ ਪਹੁੰਚੇ, ਜਿੱਥੇ ਸੰਸਾਰ ਦਾ ਅਨੋਖਾ ਅਤੇ ਅਸਾਵਾਂ ਯੁੱਧ ਲੜਿਆ ਗਿਆ। ਇੱਥੇ ਗੁਰੂ ਜੀ ਨੇ ਚਾਲੀ ਸਿੰਘਾਂ ਦੀ ਥੋੜ੍ਹੀ ਜਿਹੀ ਗਿਣਤੀ ਨਾਲ ਦੁਸ਼ਮਣ ਦੀ ਵੱਡੀ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ। ਇੱਥੋਂ ਆਪ ਦੁਸ਼ਮਣ ਫ਼ੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲ ਵੱਲ ਚਲੇ ਗਏ। ਫਿਰ ਆਲਮਗੀਰ, ਰਾਏਕੋਟ ਹੁੰਦੇ ਹੋਏ ਦੀਨਾ ਕਾਂਗੜ ਪੁੱਜੇ, ਜਿੱਥੇ ਆਪ ਨੇ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਲਿਖਿਆ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫ਼ੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਰਸਤੇ ਵਿੱਚੋਂ ਗੁਰੂ ਜੀ ਦੇ ਕਾਫ਼ਲੇ ਵਿੱਚ ਵੀ ਕਾਫ਼ੀ ਸਿੰਘ ਸ਼ਾਮਲ ਹੋ ਰਹੇ ਸਨ। ਗੁਰੂ ਜੀ ਦੀਨੇ ਤੋਂ ਜੈਤੋ ਹੁੰਦੇ ਹੋਏ ਕੋਟਕਪੂਰੇ ਪੁੱਜੇ ਜਿੱਥੇ ਉਨ੍ਹਾਂ ੳੱੁਥੋਂ ਦੇ ਹਾਕਮ ਕਪੂਰੇ ਤੋਂ ਕਿਲ੍ਹੇ ਦੀ ਮੰਗ ਕੀਤੀ। ਮੁਗਲਾਂ ਤੋਂ ਡਰਦਿਆਂ ਕਪੂਰੇ ਨੇ ਕਿਲ੍ਹਾ ਨਾ ਦਿੱਤਾ। ਗੁਰੂ ਜੀ ਨੇ ਦੁਸ਼ਮਣ ਫ਼ੌਜਾਂ ਨਾਲ ਟੱਕਰ ਲੈਣ ਲਈ ਯੁੱਧ ਨੀਤੀ ਪੱਖੋਂ ਉਚਿਤ ਥਾਂ ਜਾਣ ਲਈ ਖਿਦਰਾਣੇ ਦੀ ਢਾਬ ‘ਤੇ ਜਾ ਡੇਰਾ ਲਾਇਆ ਕਿਉਂਕਿ ਉਥੇ ਪਾਣੀ ਦੀ ਕਿੱਲਤ ਅਤੇ ਗਰਮੀ ਦੀ ਮਾਰ ਕਾਰਨ, ਮੁਗ਼ਲ ਫ਼ੌਜਾਂ ਲਈ ਉਨ੍ਹਾਂ ਦਾ ਮੁਕਾਬਲਾ ਕਰਨਾ ਅਸੰਭਵ ਸੀ।
ਦੂਜੇ ਪਾਸੇ, ਗੁਰੂ ਜੀ ਨੂੰ ਬੇਦਾਵਾ ਦੇਣ ਵਾਲੇ ਸਿੰਘ ਜਦੋਂ ਘਰੀਂ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਮਾਈ ਭਾਗੋ ਜੀ ਨੇ ਉਨ੍ਹਾਂ ਨੂੰ ਬਹੁਤ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਨੇਕ ਸਲਾਹ ਦਿੱਤੀ। ਉਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਸਿੱਟੇ ਵਜੋਂ, ਮਾਈ ਭਾਗੋ ਜੀ ਦੀ ਅਗਵਾਈ ‘ਚ ਸਿੰਘਾਂ ਨੇ ਮਾਲਵੇ ਵੱਲ ਚਾਲੇ ਪਾ ਦਿੱਤੇ। ਮੁਗ਼ਲ ਫ਼ੌਜਾਂ ਦੇ ਖਿਦਰਾਣੇ ਦੀ ਢਾਬ ‘ਤੇ ਪਹੁੰਚਣ ਤੋਂ ਐਨ ਪਹਿਲਾਂ ਮਾਝੇ ਦੇ ਸਿੰਘਾਂ ਦਾ ਇਹ ਜਥਾ ਗੁਰੂ ਜੀ ਦੇ ਕੈਂਪ ਦੇ ਨੇੜੇ ਪਹੁੰਚ ਚੁੱਕਾ ਸੀ। ਵੱਡੇ ਫ਼ੌਜੀ ਕੈਂਪ ਦਾ ਭੁਲੇਖਾ ਦੇਣ ਲਈ, ਸਿੰਘ ਝਾੜੀਆਂ ‘ਤੇ ਕੱਪੜੇ ਪਾ ਕੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ‘ਪੰਥ ਪ੍ਰਕਾਸ਼’ ਦਾ ਕਰਤਾ ਜ਼ਿਕਰ ਕਰਦਾ ਹੈ-
ਤੰਬੂਅਨ ਜਿਮ ਕਪੜੇ ਟੰਗੇ, ਝਾੜਨ ਉਪਰ ਪਾਇ।
ਮੁਗ਼ਲਾਂ ਦੀ ਟੱਕਰ ਸਭ ਤੋਂ ਪਹਿਲਾਂ ਇਸੇ ਜਥੇ ਨਾਲ ਹੋਈ। ਘਮਸਾਨ ਦਾ ਯੁੱਧ ਹੋਇਆ। ਉੱਚੀ ਟਿੱਬੀ ਦੇ ਮੋਰਚੇ ਤੋਂ ਗੁਰੂ ਜੀ ਖ਼ੁਦ ਤੀਰਾਂ ਦੀ ਵਰਖਾ ਕਰ ਰਹੇ ਸਨ। ਗਰਮੀ ਦੇ ਦਿਨ ਸਨ ਅਤੇ ਪਾਣੀ ਦਾ ਕਬਜ਼ਾ ਸਿੰਘਾਂ ਕੋਲ ਸੀ। ਸਿੰਘ ਅਜਿਹੀ ਬਹਾਦਰੀ ਅਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਫ਼ੌਜਾਂ ਵਿੱਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉੱਠੇ ਅਤੇ ਖ਼ਾਲਸੇ ਨੇ ਮੈਦਾਨ ਫਤਹਿ ਕਰ ਲਿਆ ਪਰ ‘ਬੇਦਾਵਾ’ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ, ਬੜੀ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਤੋਂ ਉੱਤਰ ਉਸ ਥਾਂ ਆਏ ਜਿੱਥੇ ਘਮਸਾਨ ਦਾ ਯੁੱਧ ਹੋਇਆ ਸੀ-
ਤੋ ਸਤਿਗੁਰ ਪਾਛੈ ਫਿਰ ਆਏ¨ ਆਇ ਉਤਰੇ ਉਨਿ ਸਿੱਖਨ ਪਾਹੇ¨
ਲੈ ਰੁਮਾਲ ਗੁਰ ਮੁਖ ਉਨ ਪੋਛਾ¨ਦੈ ਦੈ ਖੁਸ਼ੀਆਂ ਬਰ ਬਡ ਲੋਚਾ।।
ਉਨ੍ਹਾਂ ਨੇ ਮੈਦਾਨੇ-ਜੰਗ ਵਿੱਚ ਪਈਆਂ ਸਿੰਘਾਂ ਦੀਆਂ ਪਵਿੱਤਰ ਦੇਹਾਂ ਨੂੰ ਬੜੇ ਪਿਆਰ ਨਾਲ ਨਿਹਾਰਿਆ ਅਤੇ ਹਰ ਇੱਕ ਸਿੰਘ ਨੂੰ ਛਾਤੀ ਨਾਲ ਲਾ ਕੇ ਬਖ਼ਸ਼ਿਸ਼ਾਂ ਕੀਤੀਆਂ। ਜਦ ਗੁਰੂ ਜੀ ਭਾਈ ਮਹਾਂ ਸਿੰਘ ਜੀ ਪਾਸ ਪਹੁੰਚੇ ਤਾਂ ਉਹ ਸਹਿਕ ਰਹੇ ਸਨ। ਗੁਰਦੇਵ ਨੇ ਸੂਰਮੇ ਸਿੰਘ ਦਾ ਸੀਸ ਗੋਦ ਵਿੱਚ ਲੈ ਕੇ ਮੁੱਖੜਾ ਸਾਫ਼ ਕੀਤਾ ਅਤੇ ਫੁਰਮਾਇਆ, ”ਮਹਾਂ ਸਿੰਘ! ਤੁਸਾਂ ਸਿੱਖੀ ਦੀ ਲਾਜ ਰੱਖ ਲਈ ਹੈ, ਜੋ ਚਾਹੋ ਮੰਗ ਲਓ।” ‘ਪੰਥ ਪ੍ਰਕਾਸ਼’ ਵਿੱਚ ਜ਼ਿਕਰ ਹੈ-
ਸਤਿਗੁਰ ਕਹੀ ‘ਸਿਖੋ ਮੰਗ ਲੇਹੋ¨ ਮੈ ਤੁੱਠੋ ਮੰਗ ਲਿਹੋ ਸੁ ਦੇਹੋ¨
ਤੋ ਉਨ ਅੱਗਯੋ ਗੱਲ ਸੁਨਾਈ¨ ਹੋਹੁ ਤੁੱਠੇ ਲਿਹੁ ਟੁਟੀ ਗੰਢਵਾਈ¨।
ਭਾਈ ਮਹਾਂ ਸਿੰਘ ਗਿੜਗੜਾ ਕੇ ਬੋਲੇ, ”ਗੁਰਦੇਵ! ਆਪ ਦੇ ਦਰਸ਼ਨਾਂ ਦੀ ਸਿੱਕ ਸੀ, ਪੂਰੀ ਹੋ ਗਈ ਹੈ। ਹੁਣ ਤਰੁੱਠੇ ਹੋ ਤਾਂ ਸਾਡੀ ਟੁੱਟੀ ਗੰਢ ਲਓ। ਕਾਗ਼ਜ਼ ਦਾ ਉਹ ਟੁਕੜਾ (ਬੇਦਾਵਾ) ਫਾੜ ਦਿਓ।” ਗੁਰੂ ਜੀ ਨੇ ਕਾਗ਼ਜ਼ ਕੱਢਿਆ ਅਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ। ਸ਼ੁਕਰਾਨਾ ਕਰਦੇ ਹੋਏ ਭਾਈ ਮਹਾਂ ਸਿੰਘ, ਦਸਮੇਸ਼ ਪਿਤਾ ਜੀ ਦੀ ਗੋਦ ਵਿੱਚ ਹੀ ਸਵਾਸ ਤਿਆਗ ਗਏ। ਗੁਰੂ ਜੀ ਨੇ ਸਮੂਹ ਸ਼ਹੀਦਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਅਤੇ ਉਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖ਼ਸ਼ਿਸ਼ ਕੀਤੀ। ਇਸ ਤਰ੍ਹਾਂ ਸ਼ਹੀਦਾਂ ਦੀ ਇਹ ਪਾਵਨ-ਧਰਤੀ, ‘ਖਿਦਰਾਣੇ ਦੀ ਢਾਬ’ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ-
ਅਬਿ ਤੇ ਨਾਮ ਮੁਕਤਿਸਰ ਹੋਇ।ਖਿਦਰਾਣਾ ਇਸ ਕਹੇ ਨਾ ਕੋਇ।
ਇਸ ਥਲ ਮੁਕਤਿ ਭਏ ਸਿਖ ਚਾਲੀ। ਜੇ ਨਿਸ਼ਪਾਪ ਘਾਲ ਬਹੁ ਘਾਲੀ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਅੰਸੂ 12, ਅੰਕ 46)
ਇਸ ਅਸਥਾਨ ਤੇ ਹਰ ਸਾਲ ਮਾਘੀ ਦੇ ਦਿਨ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ਅਤੇ ਇਸ ਪਵਿੱਤਰ ਧਰਤੀ ਨੂੰ ਪਰਸਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਭਾਰੀ ਇੱਕਠ ਹੁੰਦਾ ਹੈ। ਸਾਰੇ ਖ਼ਾਲਸਾ ਪੰਥ ਵਿੱਚ ਮਾਘੀ ਮੁਕਤਸਰ ਦੀ ਵਿਸ਼ੇਸ਼ ਮਹੱਤਤਾ ਰੱਖਦੀ ਹੈ।