ਧਾਰਮਿਕ ਰਾਜਨੀਤਕ ਹੋਰ ਆਰਟੀਕਲ
ਮੁਕਤਸਰ ਦੇ ਇਤਿਹਾਸਕ ਗੁਰਦੁਆਰੇ...ਗੁਰਸੇਵਕ ਸਿੰਘ ਪ੍ਰੀਤ

 

ਮੁਕਤਸਰ ਦੇ ਇਤਿਹਾਸਕ ਗੁਰਦੁਆਰੇ

         ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨਾਲ ਸਬੰਧਤ ਦੋ ਧਾਰਮਿਕ ਕੰਪਲੈਕਸ ਹਨ। ਇੱਕ ਗੁਰੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਜਿੱਥੇ ਚਾਰ ਗੁਰਦੁਆਰਾ ਸਾਹਿਬ ਸਥਿਤ ਹਨ ਅਤੇ ਦੂਸਰਾ ਟਿੱਬੀ ਸਾਹਿਬ ਹੈ ਜਿੱਥੇ ਤਿੰਨ ਗੁਰਦੁਆਰਾ ਸਾਹਿਬ ਸਥਿਤ ਹਨ।
ਕੰਪਲੈਕਸ ਸ੍ਰੀ ਟੁੱਟੀ ਗੰਢੀ ਸਾਹਿਬ
ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ: ਇਸ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀ। ਇਹ ਬੇਦਾਵਾ ਗੁਰੂ ਜੀ ਤੋਂ ਬੇਮੁੱਖ ਹੋਏ ਸਿੰਘਾਂ ਨੇ ਉਨ੍ਹਾਂ ਨੂੰ ਲਿਖ ਕੇ ਦਿੱਤਾ ਸੀ। ਬਹੁਤ ਪੁਰਾਤਨ ਬਣੇ ਇਸ ਗੁਰਦੁਆਰਾ ਸਾਹਿਬ ਦਾ ਸਾਲ 1984 ਦੇ ਮੰਦ ਭਾਗੇ ਸਮੇਂ ਕਾਫ਼ੀ ਹਿੱਸਾ ਨੁਕਸਾਨਿਆ ਗਿਆ ਸੀ ਜਿਸ ਕਰਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਬਿਲਕੁੱਲ ਸਾਹਮਣੇ ਇੱਕ ਵਿਸ਼ਾਲ ਸਰੋਵਰ ਹੈ। ਜਿਸ ਵਿੱਚ ਇਸ਼ਨਾਨ ਕਰਕੇ ਸੰਗਤਾਂ ਆਪਣਾ ਜੀਵਨ ਸਫ਼ਲ ਕਰਦੀਆ ਹਨ। ਸਰਵੋਰ ਦੇ ਚਾਰੇ ਪਾਸੇ ਪ੍ਰਕਰਮਾ ਵਿੱਚ ਸ਼ਾਨਦਾਰ ਵਰਾਂਡਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸਰਾਂ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਦੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ।
ਗੁਰਦੁਆਰਾ ਸ੍ਰੀ ਤੰਬੂ ਸਾਹਿਬ: ‘ਖਿਦਰਾਣੇ ਦੀ ਜੰਗ’ ਦੌਰਾਨ ਇਸ ਅਸਥਾਨ ‘ਤੇ ਗੁਰੂ  ਜੀ ਦੀਆਂ ਫ਼ੌਜਾਂ ਨੇ ਕਰੀਰਾਂ, ਮੱਲ੍ਹੇ ਤੇ ਝਾੜੀਆਂ ਆਦਿ ਜੰਗਲੀ ਦਰੱਖਤਾਂ ਉੱਪਰ ਆਪਣੀਆਂ ਚਾਦਰਾਂ ਅਤੇ ਹੋਰ ਬਸਤਰ ਪਾ ਕੇ ਫ਼ੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ। ਇਸ ਜੰਗੀ ਨੁਕਤੇ ਕਾਰਨ ਦੁਸ਼ਮਣ ਖ਼ਾਲਸਾ ਫ਼ੌਜ ਦੀ ਗਿਣਤੀ ਵੱਡੀ ਸਮਝਦੇ ਰਹੇ। ਅਸਲ ਵਿੱਚ ਉਸ ਸਮੇਂ ਗੁਰੂ ਜੀ ਦੇ ਨਾਲ ਬਹੁਤ ਥੋੜ੍ਹੀ ਗਿਣਤੀ ਵਿੱਚ ਹੀ  ਸਿੰਘ ਸਨ। ਇਹ ਗੁਰੂ ਜੀ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫ਼ੌਜ ਦੇ ਹੁੰਦੇ ਹੋਏ ਵੀ ਦੁਸ਼ਮਣ ਦੇ ਹੋਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ।
ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ: ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਹੱਥੀਂ ਜਿਸ ਜਗ੍ਹਾ ‘ਤੇ ਸੰਸਕਾਰ ਕੀਤਾ ਗਿਆ ਉਸ ਜਗ੍ਹਾ ‘ਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ। ਇਸ ਅਸਥਾਨ ‘ਤੇ 12 ਫਰਵਰੀ (21 ਵਿਸਾਖ)ਤੋਂ 3 ਮਈ ਤਕ ਚਾਲੀ ਮੁਕਤਿਆ ਦੀ ਯਾਦ ਵਿੱਚ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰਕੇ ਭੋਗ ਪਾਏ ਜਾਂਦੇ ਹਨ। ਵਰਨਣ ਯੋਗ ਹੈ ਕਿ ‘ਖਿਦਰਾਣੇ ਦੀ ਢਾਬ’ ਅਤੇ ਇਸ ਜਗ੍ਹਾ ਗਰਮੀ ਦੇ ਮੌਸਮ ਵਿੱਚ ਲੜੀ ਗਈ ਸੀ, ਪਰ ਇਸ ਨਾਲ ਸਬੰਧਿਤ ਉਤਸਵ ਮਾਘੀ ਦੇ ਮਹੀਨੇ ਮਨਾਇਆ ਜਾਂਦਾ ਹੈ। ਕਿਉਂਕਿ ਪੁਰਾਣੇ ਸਮੇਂ ਵਿੱਚ ਪਾਣੀ ਦੀ ਘਾਟ ਅਤੇ ਰੇਤਲਾ ਇਲਾਕਾ ਹੋਣ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਗੁਰਦੁਆਰਾ ਮਾਈ ਭਾਗੋ: ਸਿੱਖ ਇਤਿਹਾਸ ਵਿੱਚ ਮਾਈ ਭਾਗੋ ਨੂੰ ਬਹੁਤ ਹੀ ਸਨਮਾਨਯੋਗ ਸਥਾਨ ਹਾਸਲ ਹੈ। ਉਨ੍ਹਾਂ ਦਾ ਜ਼ਿਕਰ ਸਿੱਖ ਪੰਥ ਦੀਆਂ ਸਿਰਮੋਰ ਇਸਤਰੀ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਹੁੰਦਾ ਹੈ। ਮਾਈ ਭਾਗੋ ਦੀ ਪ੍ਰੇਰਨਾ ਅਤੇ ਅਗਵਾਈ ਦੇ ਸਦਕਾ ਹੀ ਸਾਥ ਛੱਡ ਗਏ ਸਿੰਘਾਂ ਨੇ ਇਸ ਅਸਥਾਨ ‘ਤੇ ਯੁੱਧ ਕੀਤਾ ਅਤੇ ਵੀਰਗਤੀ ਪ੍ਰਾਪਤ ਕੀਤੀ ਸੀ। ਮਾਈ ਭਾਗੋ ਦੀ ਯਾਦ ਵਿੱਚ ਗੁਰਦੁਆਰਾ ਤੰਬੂ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਾਹਿਬ ਤਾਮੀਰ ਕੀਤਾ ਗਿਆ।
ਕੰਪਲੈਕਸ ਟਿੱਬੀ ਸਾਹਿਬ
ਗੁਰਦੁਆਰਾ ਸ੍ਰੀ ਟਿੱਬੀ ਸਾਹਿਬ: ਜੰਗੀ ਨੁਕਤਾ-ਏ-ਨਜ਼ਰ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਜੀ ਨੇ ਇੱਕ ਉੱਚੀ ਟਿੱਬੀ ‘ਤੇ ਮੋਰਚਾ ਲਾਇਆ ਹੋਇਆ ਸੀ ਜਿੱਥੋਂ ਉਹ ਫ਼ੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾ ਦੀਆਂ ਭਾਜੜਾਂ ਵੀ ਪਾ ਰਹੇ ਸਨ। ਇਹ ਗੁਰਦੁਆਰਾ ਸ਼ਹਿਰ ਦੀ ਪੱਛਮੀ ਬਾਹੀ ‘ਤੇ ਸਥਿਤ ਹੈ।
ਗੁਰਦੁਆਰਾ ਰਕਾਬਸਰ ਸਾਹਿਬ: ਇਸ ਅਸਥਾਨ ‘ਤੇ ਗੁਰੂ ਜੀ ਦੇ ਘੋੜੇ ਦੀ ਰਕਬਾ ਡਿੱਗੀ ਸੀ। ਇਹ ਰਕਾਬ ਹੁਣ ਵੀ ਇੱਥੇ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ। ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ।
ਗੁਰਦੁਆਰਾ ਦਾਤਣਸਰ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ਸਿੱਖੀ ਅਸੂਲਾਂ ਵਿੱਚ ਸਰੀਰ  ਦੀ ਨਿਯਮਬੱਧ ਸਫ਼ਾਈ ਰੱਖਣਾ ਵੀ ਸ਼ਾਮਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ਵਿੱਚ ਵੀ ਆਪਣਾ ਨਿੱਤਨੇਮ ਨਹੀਂ ਸੀ ਛੱਡਿਆ। ਆਪਣੇ ਨਿੱਤਨੇਮ ਅਨੁਸਾਰ ਗੁਰੂ ਜੀ ਸਵੇਰੇ ਸੁਵੱਖਤੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਅਸਥਾਨ ‘ਤੇ ਗੁਰਦੁਆਰਾ ਦਾਤਣਸਰ ਸਥਾਪਤ ਹੈ। -ਗੁਰਸੇਵਕ ਸਿੰਘ ਪ੍ਰੀਤ