ਧਾਰਮਿਕ ਰਾਜਨੀਤਕ ਹੋਰ ਆਰਟੀਕਲ
ਅਕਬਰ ਬਾਦਸ਼ਾਹ ਦੇ ਜ਼ਮਾਨੇ ਤੋਂ ਮਿਲਦੀਆਂ ਹਨ ਮੌੜ ਕਲਾਂ ਦੀਆਂ ਪੈੜਾਂ

ਅਕਬਰ ਬਾਦਸ਼ਾਹ ਦੇ ਜ਼ਮਾਨੇ ਤੋਂ ਮਿਲਦੀਆਂ ਹਨ ਮੌੜ ਕਲਾਂ ਦੀਆਂ ਪੈੜਾਂ

     ਪੱਚੀ ਹਜ਼ਾਰ ਜਨ ਸੰਖਿਆ ਅਤੇ ਪੰਜ ਹਜ਼ਾਰ ਏਕੜ ਭੂਮੀ ਵਾਲਾ ਮੌੜ ਕਲਾਂ ਵੰਸ਼ਾਵਲੀ ਦੇ ਹਿਸਾਬ ਨਾਲ ਬਹੁਤ ਪੁਰਾਣਾ ਪਿੰਡ ਹੈ। ਮਾਨ ਗੋਤਰ ਨੂੰ ਮੂਲ ਰੂਪ ਵਿੱਚ ਪਰਨਾਏ ਇਸ ਪਿੰਡ ਦਾ ਇਤਿਹਾਸਕ  ਪਾਤਰ ਤੱਖੂ ਗੜ੍ਹਗਜਨੀ ਤੋਂ ਮੁਸੀਬਤਾਂ ਸਹਿੰਦਾ ਇਸ ਧਰਤੀ ’ਤੇ ਆ ਟਿਕਿਆ। ਸਾਲ 1602 ਈ. ਵਿੱਚ ਤੱਖੂ ਦੀ ਵੰਸ਼ਾਵਲੀ ਦੇ ਵੇਰਵੇ ਮਿਲਣ ਲੱਗਦੇ ਹਨ। ਇਹ ਅਕਬਰ ਬਾਦਸ਼ਾਹ ਦੇ ਜ਼ਮਾਨੇ ਦੀ ਗੱਲ ਹੈ। ਤੱਖੂ  ਦੀਆਂ ਦੋ ਸ਼ਾਦੀਆਂ ਹੋਈਆਂ। ਪਹਿਲੀ ਬੀਵੀ ਦੀ ਕੁੱਖੋਂ ਆਸਾ, ਨਾਥੂ, ਰੁਘੂ, ਲੱਲਾ ਅਤੇ ਮਿਰਜ਼ਾ ਪੈਦਾ ਹੋਏ। ਮਗਰੋਂ ਇਨ੍ਹਾਂ ਪੂਰਵਜਾਂ ਦੇ ਟੱਬਰ ਵਧੇ। ਇਨ੍ਹਾਂ ਦੇ ਨਾਵਾਂ ਉੱਤੇ ਪਿੰਡ ਦੀਆਂ ਚਾਰ ਪੱਤੀਆਂ ਬਣ ਗਈਆਂ। ਆਸਾ ਪੱਤੀ, ਨਾਥ ਪੱਤੀ, ਲੱਲਾ ਪੱਤੀ ਅਤੇ ਰੁਘੂ ਪੱਤੀ। ਤੱਖੂ ਦਾ ਸਭ ਤੋਂ ਛੋਟਾ ਪੁੱਤਰ ਮਿਰਜ਼ਾ ਬਹੁਤ ਸੋਹਣਾ ਤੇ ਸ਼ੌਕੀਨ ਸੀ। ਸੋਹਣਾ ਗੱਭਰੂ ਹੋਣ ਕਰਕੇ ਉਹ ਖੇਤੀਬਾੜੀ ਵਿੱਚ ਸਹਿਯੋਗ ਦੇਣੋਂ ਹਟ ਗਿਆ। ਚਾਰੇ ਭਰਾਵਾਂ ਨੇ ਬਖੇੜਾ ਖੜ੍ਹਾ ਕਰ ਲਿਆ। ਮਿਰਜ਼ਾ ਭਰਾਵਾਂ ਨਾਲ ਰੁੱਸ ਕੇ ਤਿੰਨ ਕੋਹ ਦੂਰ ਜਾ ਵਸਿਆ। ਹੁਣ ਵੀ ਮੌੜ ਖੁਰਦ ਦੀ ਇਕ ਪੱਤੀ ਮਿਰਜ਼ਾ ਪੱਤੀ ਅਖਵਾਉਂਦੀ ਹੈ। ਛਬੀਨਾ ਲੋਕ-ਨਾਇਕ ਮਿਰਜ਼ਾ ਉਸ ਵੇਲੇ ਜਨ ਮਾਨਸਿਕਤਾ ’ਤੇ ਛਾਇਆ ਹੋਇਆ ਸੀ। ਇਸ ਕਾਰਨ ਤੱਖੂ ਨੇ ਆਪਣੇ ਛੋਟੇ ਪੁੱਤਰ ਦਾ ਨਾਂ ਮਿਰਜ਼ਾ ਰੱਖਿਆ ਸੀ।
ਤੱਖੂ ਦੇ ਇਤਿਹਾਸ ਨੇ ਇਕ ਹੋਰ ਦਿਲਚਸਪ ਮੋੜ ਲਿਆ। ਉਮਰ ਉਤਾਰ ਹੋਇਆ ਤੱਖੂ ਦਿੱਲੀ ਸ਼ਿਆਨੀ (ਉਸ ਵੇਲੇ ਦੀ ਮੁਗਲ ਸਰਕਾਰ ਨੂੰ ਤਾਰਿਆ ਜਾਣ ਵਾਲਾ ਜਜ਼ੀਆ) ਤਾਰਨ ਗਿਆ। ਮਾਲਵੇ ’ਚ ਜਜ਼ੀਏ ਨੂੰ ਸ਼ਿਆਨੀ ਕਿਹਾ ਜਾਂਦਾ ਸੀ। ਸ਼ਿਆਨੀ ਭਰ ਕੇ ਮੁੜਦੇ ਤੱਖੂ ਨੇ ਇਕ ਅਲੋਕਾਰੀ ਘਟਨਾ ਹੁੰਦੀ ਦੇਖੀ। ਸ਼ਾਮ ਨੂੰ ਤੱਖੂ ਇਕ ਪਿੰਡ ਠਹਿਰਿਆ। ਗਲ ਵਿੱਚ ਪਈ ਬੇੜ ਘਸੀਟਦੀ ਇਕ ਘੋੜੀ ਸਿਰਪੱਟ ਦੌੜਦੀ ਪਾਣੀ ਦੀ ਢਾਬ ਵੱਲ ਆ ਰਹੀ ਸੀ। ਘੋੜੀ ਦੇ ਬਰਾਬਰ ਭੱਜਦੀ ਰੰਗੜ ਜਾਤੀ ਦੀ ਮੁਟਿਆਰ ਨੇ ਸੱਜਾ ਪੈਰ ਘੋੜੀ ਦੀ ਬੇੜ ’ਤੇ ਰੱਖ, ਸਰੀਰ ਦਾ ਸਾਰਾ ਭਾਰ ਬੇੜ ਉੱਤੇ ਪਾ ਦਿੱਤਾ। ਘੋੜੀ ਥਾਏਂ ਰੁਕ ਗਈ। ਤੱਖੂ ਦਾ ਦਿਲ ਉਸ ਮੁਟਿਆਰ ’ਤੇ ਆ ਗਿਆ। ਤੱਖੂ ਨੇ ਕੀਮਤ ਤਾਰ ਮੁਟਿਆਰ ਨੂੰ ਵਰ  ਲਿਆ। ਸ਼ੌਂਕਣਾਂ ਦੇ ਭੇੜ ’ਚ ਤੱਖੂ ਦੀ ਛੋਟੀ ਬੀਵੀ ਦੇ ਦੋ ਔਲਾਦਾਂ ਹੋਈਆਂ। ਜੱਲੋ ਅਤੇ ਬੱਲੋ। ਛੋਟੀ ਬੀਵੀ ਨਿੱਤ ਦੇ ਕਲੇਸ਼ ਤੋਂ ਤੰਗ ਆ ਤੱਖੂ ਤੋਂ ਚਾਰ ਕੋਹ ਵਾਟ ਦੂਰ ਜਾ ਬੈਠੀ। ਜੱਲੋ, ਬੱਲੋ ਦੀ ਵੰਸ਼ ’ਚੋਂ ਪਿੰਡ ਕੋਟਲੀ ਕਲਾਂ ਬੱਝਾ। ਮਾਨ ਗੋਤ ਦੀਆਂ ਜੜ੍ਹਾਂ ਵੀ ਵੈਦਿਕ ਕਾਲ ਦੇ ਮਿਥਕ ਪਾਤਰ ਮਾਨ ਧਾਤਾ   ਨਾਲ ਜੁੜਦੀਆਂ ਹਨ। ਮਿਥਕ ਪਾਤਰ ਮਾਨ ਧਾਤਾ ਦਾ ਮਲ ਯੁੱਧ ਇੰਦਰ   ਦੇਵਤਾ ਨੇ ਸ਼ਾਲਵ ਨਾਂ ਦੇ ਦੈਂਤ                 ਨਾਲ ਕਰਵਾ ਦਿੱਤਾ। ਇਸ ਮਲ                  ਯੁੱਧ ਵਿੱਚ  ਮਾਨ ਧਾਤਾ ਮਾਰਿਆ             ਗਿਆ ਪਰ ਉਸ ਦੀ ਔਲਾਦ ਇਸ ਧਰਤੀ ਦੇ ਸਾਰੇ ਪਿੰਡਾਂ ਨੂੰ ਆਪਣੇ ਗੋਤ ਨਾਲ ਰਲਾਈ ਗਈ।
ਅੱਜ ਦਾ ਮੌੜ ਕਲਾਂ ਆਧੁਨਿਕ ਸਹੂਲਤਾਂ ਨਾਲ ਉਸਰਿਆ ਪਿੰਡ ਹੈ। ਸੀਵਰੇਜ ਪ੍ਰਬੰਧ ਬਾਰੇ ਪਿੰਡ ’ਚ ਮੁਕੰਮਲ ਹੈ। ਸੜਕਾਂ ਪੱਕੀਆਂ ਹਨ। ਵਾਟਰ ਵਰਕਸ ਦਾ ਵਧੀਆ ਪ੍ਰਬੰਧ ਹੈ। ਪੀਣ ਵਾਲੇ ਸਾਫ ਪਾਣੀ ਲਈ ਤਿੰਨ ਆਰ.ਓ. ਸਿਸਟਮ ਕੰਮ ਕਰਦੇ ਹਨ। ਪਿੰਡ ਵਿੱਚ ਡਿਸਪੈਂਸਰੀ ਦੀ ਵਧੀਆ ਇਮਾਰਤ ਹੈ। ਡੰਗਰਾਂ ਦਾ ਵੱਡਾ ਹਸਪਤਾਲ ਹੈ। +2 ਤੱਕ ਦਾ ਸਕੂਲ ਹੈ। ਛੋਟੇ ਬੱਚਿਆਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਹੈ। ਪਿੰਡ ਵਿੱਚ ਯੁਵਕ ਭਲਾਈ ਨਾਲ ਸਬੰਧਤ ਤਿੰਨ ਕਲੱਬ ਹਨ। ਗੁਰਦੁਆਰਾ ਤੇਗ ਬਹਾਦਰ ਸਾਹਿਬ ਨੇੜੇ ਇਕ ਏਕੜ ’ਚ ਫੈਲਿਆ ਹਰਾ-ਭਰਾ ਪਾਰਕ ਹੈ। ਇਸ ਪਾਰਕ ਤੋਂ ਪ੍ਰੇਰਨਾ ਲੈ ਕੇ ਬਾਕੀ ਦੇ ਕਲੱਬ ਵੀ ਪਾਰਕ ਬਣਾਉਣ ਲਈ ਸਰਗਰਮ ਹਨ। ਚਿੱਠੀ-ਪੱਤਰ ਲਈ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਡਾਕਘਰ ਹੈ।
ਨਵੀਂ ਪੀੜ੍ਹੀ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਗੁਰਦੁਆਰਾ ਗੁਰੂ ਤੇਗ  ਬਹਾਦਰ ਦੇ ਨਜ਼ਦੀਕ ਲਾਇਬਰੇਰੀ              ਦੀ ਵਿਸ਼ਾਲ ਇਮਾਰਤ ਹੈ। ਦਿੱਲੀ ਦੰਗਿਆਂ ’ਚ ਆਪਣੀ ਜਾਨ ਗੁਆਉਣ ਵਾਲੇ ਗੁਰਮੇਲ ਸਿੰਘ ਦੇ ਪਰਿਵਾਰ              ਨੇ ਲਾਇਬਰੇਰੀ ਲਈ ਲੱਖ ਰੁਪਈਏ              ਦੀ ਰਾਸ਼ੀ ਭੇਟ ਕੀਤੀ ਸੀ। ਪੰਜਾਬੀ                 ਦੇ ਨਾਮਵਰ ਲੇਖਕਾਂ ਦੀਆਂ ਕਿਤਾਬਾਂ ਪਾਠਕਾਂ ਨੂੰ ਮਿਲਦੀਆਂ ਹਨ। ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਅਤੇ ਅਦੀਬਾਂ ਦੀਆਂ ਵੱਡੀਆਂ ਤਸਵੀਰਾਂ ਇਮਾਰਤ ਨੂੰ ਚਾਰ ਚੰਨ ਲਾਉਂਦੀਆਂ ਹਨ। ਪਾਠਕਾਂ ਦੀ ਗਿਣਤੀ ਵੀ ਸੰਤੋਸ਼ਜਨਕ ਹੈ।
ਸਾਹਿਤ ਦੇ ਖੇਤਰ ਵਿੱਚ ਪਿੰਡ ਮੌੜ ਕਲਾਂ ਆਪਣੇ ਗੁਆਂਢੀ ਪਿੰਡਾਂ ਦੀ ਬਰਾਬਰੀ ਕਰਦਾ ਹੈ। ਜਿੱਥੇ ਗੁਆਂਢੀ ਪਿੰਡ ਮੰਡੀ ਕਲਾਂ ਦੇ ਲਿਖਾਰੀ ਅਤਰਜੀਤ ਅਤੇ ਮਲਕੀਤ ਮੀਤ ਸਾਹਿਤ ਦੇ ਖੇਤਰ  ’ਚ ਵਿਚਰ ਰਹੇ ਹਨ, ਇਸੇ ਤਰ੍ਹਾਂ ਮੌੜ ਕਲਾਂ ਪਿੰਡ ਦਾ ਜੰਮਪਲ ਅਮਰਜੀਤ ਸਿੰਘ ਮਾਨ ਚੌਥੀ ਪੀੜ੍ਹੀ ਦੇ ਕਹਾਣੀਕਾਰ ਵਜੋਂ ਉੱਭਰ ਰਿਹਾ ਹੈ। ਅਮਰਜੀਤ ਦੀਆਂ ਕਹਾਣੀਆਂ ਮਿਆਰੀ ਅਖ਼ਬਾਰਾਂ ’ਚ ਛਪਦੀਆਂ ਹਨ। ਪਿੰਡ ਦੀ ਧੀ ਜਗਜੀਤ ਕੌਰ ਢਿੱਲਵਾਂ ਦੇ ਲੋਕ ਸਭਿਆਚਾਰ ਬਾਰੇ ਫੀਚਰ ਮਿਆਰੀ ਅਖ਼ਬਾਰਾਂ ’ਚ ਛਪਦੇ ਹਨ। ਜਗਜੀਤ ਦੀ ਸਾਹਿਤਕ ਦੇਣ ਬਦਲੇ ਇਕ ਪ੍ਰਸਿੱਧ ਅਖ਼ਬਾਰ ਨੇ ਮਾਣ-ਸਨਮਾਨ ਵੀ ਦਿੱਤਾ ਸੀ। ਸਾਹਿਤ ਸਭਾ ਮੌੜ ਗਾਹੇ-ਬਗਾਹੇ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਨੂੰ ਮਾਣ-ਸਨਮਾਨ ਅਤੇ ਸਾਹਿਤਕ ਵਿਆਖਿਆ ਲਈ ਮੰਚ ਪ੍ਰਦਾਨ ਕਰਦੀ ਰਹੀ ਹੈ। ਇਨ੍ਹਾਂ ’ਚ ਪ੍ਰਸਿੱਧ ਨਾਂ ਡਾ. ਤੇਜਵੰਤ ਮਾਨ, ਬਲਦੇਵ ਸਿੰਘ, ਡਾ. ਸੁਰਜੀਤ ਬਰਾੜ, ਡਾ. ਕੁਲਦੀਪ ਸਿੰਘ ਦੀਪ, ਸ਼ਮਸ਼ੇਰ ਢਪਾਲੀ ਅਤੇ ਨਰੰਜਣ ਬੋਹਾ ਹਨ।
ਪਿੰਡ ਦੀਆਂ ਵਿਰਾਸਤੀ ਇਮਾਰਤਾਂ ਵੀ ਇਤਿਹਾਸ ਆਪਣੀ ਬੁੱਕਲ ਵਿੱਚ ਲਕੋਈ ਬੈਠੀਆਂ ਹਨ। ਸੰਨ 1770 ’ਚ ਉਸਾਰੇ ਗਏ ਸ਼ਿਵ ਦਵਾਲੇ ਦੀਆਂ ਕੰਧਾਂ ਉੱਤੇ ਬੜੇ ਸਜੀਵ ਚਿੱਤਰ ਹਨ। ਤਾਰੀਖੀ ਵੇਰਵਾ ਹੈ। ਦੁਰਲੱਭ ਚਿੱਤਰਕਾਰੀ ਹੈ। ਤੱਖੂ ਦੇ ਵੱਡੇ ਪੁੱਤਰ ਆਸਾ ਦੇ ਨਾਂ ’ਤੇ ‘ਆਸੇ ਕਾ ਦਰਵਾਜ਼ਾ’ ਬੜੀ ਵਿਰਾਸਤੀ ਇਮਾਰਤ ਹੈ। 1770 ’ਚ ਬਣੇ ਇਸ ਦਰਵਾਜ਼ੇ ਦਾ ਇਤਿਹਾਸ ਵੀ ਖੂਨੀ ਝੜਪਾਂ ਨਾਲ ਭਰਿਆ ਹੋਇਆ ਹੈ। ਮੁਗਲ ਸਮਾਰਾਜ ਦੇ ਪਤਨ ਮਗਰੋਂ ਹਥਿਆਰਬੰਦ ਰੰਘੜਾਂ ਦਾ ਇਕ ਟੋਲਾ ਪਿੰਡ ਦੀਆਂ ਧੀਆਂ ਨੂੰ ਉਧਾਲ ਕੇ ਲੈ ਜਾਂਦਾ ਸੀ। (ਇਨ੍ਹਾਂ ਡਾਕੂਆਂ ਨੂੰ ਮਾਲਵੇ ਦੇ ਲੋਕ ਕਟਕ ਆਖਦੇ ਸਨ।) ਅੱਜ ਵੀ ਕਹਾਵਤ ਪ੍ਰਚੱਲ ਹੈ ‘ਮੀਣਿਆਂ, ਤੈਨੂੰ ਕਟਕ ਲੈ ਜਾਣਾ’। ਕਾਲਾ ਥਾਲਾ ਦੇ ਟਿੱਬੇ ਤੋਂ ਕਟਕਾਂ ਦੇ ਆਉਣ ਦੀ ਸੂਚਨਾ ਢਾਂਗੂ ਦਿੰਦਾ। ਉਹ ਢੋਲ ਕੁੱਟਦਾ ਸਰਪੱਟ ਘੋੜੀ ਦੁੜਾਂਦਾ ਆਸੇ ਕੇ ਦਰਵਾਜ਼ੇ ਆ ਜਾਂਦਾ। ਪਿੰਡ ਦੇ ਗੱਭਰੂ ਦਰਵਾਜ਼ੇ ਦੇ ਤਖ਼ਤੇ ਭੇੜ ਹਥਿਆਰਾਂ ਨਾਲ ਲੈਸ ਹੋ ਲੜਾਈ ਲਈ ਤਿਆਰ ਹੋ ਜਾਂਦੇ। ਇਸ ਦਰਵਾਜ਼ੇ ਦੇ ਤਖ਼ਤੇ ਬਠਿੰਡਾ ਦੇ ਕਿਲੇ ਦੇ ਤਖ਼ਤਿਆਂ ਵਰਗੇ ਸਨ ਜੋ ਕੋਟਲਾ ਬਰਾਂਚ ਨਹਿਰ ਦਾ ਪਾੜ ਪੂਰਨ ਲਈ ਅੰਗਰੇਜ਼ ਸਰਕਾਰ ਲਾਹ ਕੇ ਲੈ ਗਈ ਸੀ। ਤਖ਼ਤੇ 1860 ’ਚ ਪਾਣੀ ਦੇ ਭੇਟ ਚੜ੍ਹ ਗਏ।
ਮਹਾਰਾਜਾ ਕਰਮ ਸਿੰਘ ਦਾ 1830 ’ਚ ਬਣਿਆ ਗੁਰਦੁਆਰਾ ਤੇਗ ਬਹਾਦਰ ਸਾਹਿਬ ਹੈ। ਨਾਨਕਸ਼ਾਹੀ ਇੱਟਾਂ ਦੀ ਨਿਸ਼ਾਨੀ ਕਾਰ ਸੇਵਾ ਵਾਲੇ ਬਾਬਿਆਂ ਦੀ ਭੇਟ ਚੜ੍ਹ ਗਈ ਹੈ। ਨਿਸ਼ਾਨੀ ਵਜੋਂ ਇਕ ਬੁੰਗਾ ਕਾਇਮ ਹੈ। ਇਕ ਕਰੋੜ ਦੀ ਸਾਲਾਨਾ ਆਮਦਨ ਵਾਲੀ ਇਸ ਸੰਸਥਾ ਕੋਲ 130 ਏਕੜ ਜ਼ਮੀਨ ਹੈ। ਲੋਕਾਂ ਦੀ ਮੰਗ ਹੈ ਕਿ ਗੁਰਦੁਆਰੇ ਦੀ ਲੋਕਲ ਕਮੇਟੀ ਨੂੰ ਲੜਕੀਆਂ ਦਾ ਕਾਲਜ ਖੋਲ੍ਹਣਾ ਚਾਹੀਦਾ ਹੈ।
ਪਿੰਡ ਨਸ਼ਿਆਂ ਦੇ ਪ੍ਰਕੋਪ ਤੋਂ ਬਚ  ਨਹੀਂ ਸਕਿਆ। ਨਵੀਂ ਪੀੜ੍ਹੀ ਜ਼ਰੂਰ ਜਾਗ੍ਰਿਤ ਹੋਈ ਹੈ। ਕਿਰਤੀ ਲੋਕਾਂ ਦੇ ਵਿਹੜਿਆਂ ਦੀ ਹਾਲਤ ਬਹੁਤ ਮਾੜੀ ਹੈ। ਜ਼ਮੀਨ ਦੇ ਭਾਅ ਮਹਿੰਗੇ ਹਨ। ਕਿਰਤੀ ਲੋਕ ਥਾਂ ਦੀ ਥੁੜ੍ਹ ਨਾਲ ਜੂਝ ਰਹੇ ਹਨ। ਸਾਂਝੇ ਪਖਾਨਿਆਂ ਦੀ ਸਖ਼ਤ ਜ਼ਰੂਰਤ ਹੈ। ਪਿੰਡ ਅੰਦਰ ਅਕਾਲੀ ਅਤੇ ਕਾਂਗਰਸ ਪਾਰਟੀ ਦਾ ਜ਼ੋਰ ਬਰਾਬਰ ਹੈ। ਕਿਸਾਨੀ ਹਿੱਤਾਂ ਲਈ ਕਿਸਾਨ ਯੂਨੀਅਨਾਂ ਵੀ ਸਰਗਰਮ ਹਨ। ਪਿੰਡ ਨਗਰ ਨਿਗਮ ਦਾ ਹਿੱਸਾ ਹੋਣ ਕਾਰਨ ਅੱਜ-ਕੱਲ੍ਹ ਐਸ.ਡੀ.ਐਮ. ਤਲਵੰਡੀ ਸਾਬੋ ਦੇ ਸ਼ਾਸਨ ਅਧੀਨ ਹੈ।
- ਸੁਖਦੇਵ ਸਿੰਘ ਮਾਨ