ਧਾਰਮਿਕ ਰਾਜਨੀਤਕ ਹੋਰ ਆਰਟੀਕਲ
ਕਹਿ ਰਵਿਦਾਸ ਨਿਦਾਨਿ ਦਿਵਾਨੇ

ਕਹਿ ਰਵਿਦਾਸ ਨਿਦਾਨਿ ਦਿਵਾਨੇ

    ਸਿੱਖ ਲਹਿਰ ਸੁਤੰਤਰਤਾ, ਸਮਾਜਕ ਨਿਆਂ ਅਤੇ ਨਿਮਨ ਵਰਗ ਦੇ ਉੱਥਾਨ ਅਤੇ ਬਰਾਬਰੀ ਦੇ ਹੋਕੇ ਨਾਲ ਪੂਰੇ ਪੂਰਬੀ ਅਰਧ ਗੋਲੇ ’ਤੇ ਇੱਕ ਦਮ ਉਭਰੀ ਸੀ। ਇਹ ਲਹਿਰ ਪੂਰੀ ਮਨੁੱਖਤਾ ਨੂੰ ਹਰ ਤਰ੍ਹਾਂ ਨਾਲ ਬੁਲੰਦੀਆਂ ’ਤੇ ਪਹੁੰਚਾਉਣ ਵਾਲੀ ਲੀਡਰਸ਼ਿਪ ਪ੍ਰਦਾਨ ਕਰਨ ਦੀਆਂ ਸੰਭਾਵਨਾਵਾਂ ਨਾਲ ਓਤਪੋਤ ਸੀ। ਇਸ ਨੇ ਸੰਸਾਰ ਭਰ ਦੇ ਦਲਿਤਾਂ, ਦਮਿਤਾਂ ਅਤੇ ਸ਼ੋਸ਼ਤ ਲੋਕਾਂ ਦਾ ਝੰਡਾ ਬਣਨਾ ਸੀ। ਕਮਜ਼ੋਰ ਬੰਦੇ, ਭਾਈਚਾਰੇ ਜਾਂ ਦੇਸ਼ ਨੂੰ ਡਰਾਉਣ ਵਾਲੇ ਹਰ ਜਾਬਰ ਅਤੇ ਸਾਮਰਾਜੀਏ ਲਈ ਖ਼ੌਫ ਬਣਨਾ ਸੀ ਪਰ ਵਿਹਾਰਕ ਰੂਪ ਵਿੱਚ ਅਜਿਹਾ ਹੋ ਨਹੀਂ ਸਕਿਆ। ਇਸ ਲਈ ਹੁਣ ਦਿਖਾਵੇ ਦੀ ਸ਼ਾਨ ਦੀ ਬਜਾਇ ਅੰਦਰੋਂ ਮੁੱਕਦੀ ਜਾਂਦੀ ਸੱਤਿਆ ਵੱਲ ਧਿਆਨ ਦੇਣ ਦੀ ਲੋੜ ਪੈ ਗਈ ਹੈ। ਅਸਲ ਵਿੱਚ ਅਸੀਂ ਆਪਣੀਆਂ ਵਿਚਾਰਧਾਰਕ ਜੜ੍ਹਾਂ ਜਾਂ ਸਰੋਤਾਂ ਨਾਲੋਂ ਨਿਖੇੜਾ ਕਰਕੇ ਆਪਣਾ ਬਹੁਤ ਨੁਕਸਾਨ ਕਰ ਲਿਆ ਹੈ। ਅਸੀਂ ਸਿੱਖੀ ਦੀ ਮੂਲ ਤਾਸੀਰ ਗੁਆਈ ਜਾ ਰਹੇ ਹਾਂ। ਇਸ ਸਥਿਤੀ ਨੂੰ ਉਲਟਾਉਣ ਦੀ ਲੋੜ ਹੈ।
ਗੁਰੂ ਨਾਨਕ ਸਾਹਿਬ ਨੇ ਲੰਮੀਆਂ ਵਾਟਾਂ ਮਾਰ ਕੇ ਗੁਰਮਤਿ ਗਿਆਨ ਪ੍ਰਕਾਸ਼ ਦੇ ਸਰੋਤਾਂ ਦੀ ਪਛਾਣ ਕਰਕੇ ਵੱਖ-ਵੱਖ ਬਾਣੀਕਾਰਾਂ ਦੀ ਬਾਣੀ ਦੇ ਰੂਪ ਵਿੱਚ ਇਸ ਗਿਆਨ ਪ੍ਰਕਾਸ਼ ਨੂੰ ਕਰੜੀ ਮਿਹਨਤ ਨਾਲ ਇਕੱਠਾ ਕੀਤਾ। ਉਨ੍ਹਾਂ ਤੋਂ ਤਕਰੀਬਨ ਪੌਣੀ ਕੁ ਸਦੀ ਪਹਿਲਾਂ ਪੈਦਾ ਹੋਏ ਰਵਿਦਾਸ ਜੀ ਦੀ ਬਾਣੀ ਗੁਰਮਤਿ ਗਿਆਨ ਅਤੇ ਗੁਰਮਤਿ ਚਿੰਤਨ ਦਾ ਮਹੱਤਵਪੂਰਨ ਖ਼ਜ਼ਾਨਾ ਸੀ। ਇਸ ਬਾਣੀ ਨੂੰ ਗੁਰੂ ਨਾਨਕ ਨੇ ਬਹੁਤ ਆਦਰ ਨਾਲ ਸੰਭਾਲ ਕੇ ਹੋਰ ਬਾਣੀਕਾਰਾਂ ਅਤੇ ਆਪਣੀ ਬਾਣੀ ਸਹਿਤ ਪੋਥੀ ਸਾਹਿਬ ਦੇ ਰੂਪ ਵਿੱਚ ਆਪਣੇ ਉਤਰਾਧਿਕਾਰੀ ਭਾਈ ਲਹਿਣੇ ਨੂੰ ਗੁਰਿਆਈ ਦੇ ਰੂਪ ਵਿੱਚ ਸੌਂਪਿਆ। ਇਸ ਤੋਂ ਬਾਅਦ ਹੋਰ ਬਾਣੀਕਾਰਾਂ ਦੀ ਰਚਨਾ ਸ਼ਾਮਲ ਹੋਣ ਨਾਲ ਇਸ ਪੋਥੀ ਸਾਹਿਬ ਨੇ ਗੁਰੂ ਅਰਜਨ ਦੇਵ ਤਕ ਪਹੁੰਚ ਕੇ ਆਦਿ ਗ੍ਰੰਥ ਸਾਹਿਬ ਦਾ ਰੂਪ ਧਾਰਨ ਕੀਤਾ। ਗੁਰੂ ਰਾਮਦਾਸ ਜੀ ਨੇ ਭਗਤਾਂ ਦੀ ਬਾਣੀ ਨੂੰ ਅੰਮ੍ਰਿਤ ਕਹਿ ਕੇ ਵਡਿਆਇਆ। ਜੇ ਅਸੀਂ ਗੁਰੂ ਗਰੰਥ ਸਾਹਿਬ ਵਿੱਚ ਦਰਜ ਸਾਰੀ ਬਾਣੀ ਨੂੰ ਸੱਚੀ ਬਾਣੀ ਮੰਨਦੇ ਹਾਂ ਤਾਂ ਗੁਰੂ ਅਮਰਦਾਸ ਜੀ ਮੁਤਾਬਕ ਰਵਿਦਾਸ ਜੀ ਸਮੇਤ ਇਹ ਸਾਰੇ ਬਾਣੀਕਾਰ ਸਾਡੇ ਸਤਿਗੁਰੂ ਹਨ।
ਪੰਚਮ ਪਾਤਸ਼ਾਹ ਨੇ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦੇ ਆਰੰਭ ਵਿੱਚ ਗੁਰੂ ਲਿਖਣ ਦੀ ਬਜਾਇ ਇਹ ਬਾਣੀ ਸਾਧਾਰਨ ਸੂਚਨਾ ਵਾਂਗ ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ ਆਦਿ ਲਿਖ ਕੇ ਦਰਜ ਕੀਤੀ। ਪਰ ਰਵਿਦਾਸ ਜੀ ਦੇ ਸ਼ਬਦਾਂ ਅੱਗੇ ਬਾਣੀ ‘ਰਵਿਦਾਸ ਜੀ ਕੀ’ ਜਾਂ ‘ਰਵਿਦਾਸ ਜੀਉ ਕੀ’ ਲਿਖਿਆ ਹੈ, ਭਾਵ ਉਨ੍ਹਾਂ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਆਦਰ ਦਿੱਤਾ। ਗੁਰੂ ਸਾਹਿਬਾਨ ਨੇ ਹੋਰ ਪੂਰਬਲੇ ਬਾਣੀਕਾਰਾਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੁਰਖੇ ਮੰਨਿਆ ਅਤੇ ਉਨ੍ਹਾਂ ਨੂੰ ਆਪਣੇ ਤੋਂ ਉੱਚਾ ਸਥਾਨ ਦਿੱਤਾ।
ਜੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਹੈ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੈਦਾ ਹੋਏ ਰਵਿਦਾਸ ਜੀ ਦੀ ਬਾਣੀ ਤਾਂ ਸਾਡੀ ਆਦਿ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1192 ’ਤੇ ਗੁਰੂ ਅਰਜਨ ਸਾਹਿਬ ਦਾ ਬਸੰਤ ਰਾਗ ਵਿੱਚ ਸ਼ਬਦ ਹੈ ਜਿਸ ਵਿੱਚ ਉਹ ਗੁਰੂ ਨਾਨਕ ਦੇਵ ਜੀ ਨੂੰ ਬਾਲਮੀਕ ਜੀ ਅਤੇ ਧਰੂ ਭਗਤ ਤੋਂ ਚਲੀ ਆ ਰਹੀ ਭਗਤੀ ਪ੍ਰੰਪਰਾ ਦੀ ਕਹਾਣੀ ਦੇ ਪ੍ਰਵਾਹ ਦੀ ਲਗਾਤਾਰਤਾ ਵਜੋਂ ਦੇਖਦੇ ਅਤੇ ਧਿਆਉਂਦੇ ਹਨ। ਸ਼ਬਦ ਵਿੱਚ ਇਨ੍ਹਾਂ ਸਮੂਹ ਸੰਤਾਂ ਭਗਤਾਂ ਨੂੰ ਨਮੋ ਕੀਤਾ ਗਿਆ ਹੈ। ਸ਼ਬਦ ਇਸ ਤਰ੍ਹਾਂ ਸ਼ੁਰੂ ਕੀਤਾ ਗਿਆ ਹੈ:
ਸੁਣਿ ਸਾਖੀ ਮਨ ਜਪਿ ਪਿਆਰੌ 
ਅਜਾਮਲੁ ਉਧਰਿਆ ਕਹਿ ਏਕ ਬਾਰੌ
ਬਾਲਮੀਕੈ ਹੋਆ ਸਾਧਸੰਗੁੌ 
ਧ੍ਰੂ ਕਉ ਮਿਲਿਆ ਹਰਿ ਨਿਸੰਗੌ (1192, ਮ.5)
ਸ਼ਬਦ ਦੀ ਸਮਾਪਤੀ ਇਸ ਤਰ੍ਹਾਂ ਹੁੰਦੀ ਹੈ:
ਕਬੀਰਿ ਧਿਆਇਓ ਏਕ ਰੰਗੌ 
ਨਾਮਦੇਵ ਹਰਿ ਜੀਉ ਬਸਹਿ ਸੰਗਿੌ
ਰਵਿਦਾਸ ਧਿਆਏ ਪ੍ਰਭ ਅਨੂਪੌ
ਗੁਰ ਨਾਨਕ ਦੇਵ ਗੋਵਿੰਦ ਰੂਪੌ (1192, ਮ.5)
ਜਿਸ ਭਗਤੀ ਪ੍ਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਕਤੀਸ਼ਾਲੀ ਲਹਿਰ ਵਿੱਚ ਤਬਦੀਲ ਕੀਤਾ, ਰਵਿਦਾਸ ਜੀ ਨੂੰ ਇਸ ਸ਼ਬਦ ਰਾਹੀਂ ਉਸ ਪਰੰਪਰਾ ਦਾ ਮਹੱਤਵਪੂਰਨ ਪੜਾਅ ਜਾਂ ਮੀਲ ਪੱਥਰ ਤਸਲੀਮ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1207 ’ਤੇ ਸਾਰੰਗ ਰਾਗ ਵਿੱਚ ਦਰਜ ਇੱਕ ਹੋਰ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਰਵਿਦਾਸ ਜੀ ਅਤੇ ਦੂਜੇ ਬਾਣੀਕਾਰਾਂ ਦੀ ਸ੍ਰੇਸ਼ਠਤਾ ਦਾ ਧਿਆਨ ਧਰਦੇ ਹਨ ਅਤੇ ਆਪਣੇ ਪ੍ਰੇਰਨਾ ਸਰੋਤ ਮੰਨਦੇ ਹਨ। ਇਸ ਤੋਂ ਵੀ ਵਧਕੇ, ਇਨ੍ਹਾਂ ਨੂੰ ਆਪਣੀ ਹਸਤੀ ਦੇ ਹੋਣ ਥੀਣ ਦਾ ਆਧਾਰ ਮੰਨਦੇ ਹਨ ਅਤੇ ਖ਼ੁਦ ਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਆਖਦੇ ਹਨ:
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ । ।
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ । ।
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ¨। । (1207, ਮ.5)
ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 835 ’ਤੇ ਬਿਲਾਵਲ ਰਾਗ ਵਿੱਚ ਦਰਜ ਸ਼ਬਦ ਰਾਹੀਂ ਰਵਿਦਾਸ ਜੀ ਅਤੇ ਹੋਰ ਸੰਤਾਂ ਭਗਤਾਂ ਦੀ ਜ਼ਾਤ (ਸ਼ਖ਼ਸੀਅਤ) ਨੂੰ ਸਭ ਜਾਤਾਂ ਤੋਂ ਸ੍ਰੇਸ਼ਠ ਕਹਿ ਕੇ ਵਡਿਆਉਂਦੇ ਹਨ। ਭੱਟ ਕਲ ਜੀ ਨੇ ਆਪਣੇ ਸਵੱਈਆਂ ਵਿੱਚ ਇਨ੍ਹਾਂ ਆਦਿ ਬਾਣੀਕਾਰਾਂ ਜਾਂ ਆਦਿ ਗੁਰੂਆਂ ਵਿੱਚ ਰਵਿਦਾਸ ਜੀ ਦਾ ਉਚੇਚਾ ਜ਼ਿਕਰ ਕੀਤਾ ਹੈ।
ਇਸ ਤਰ੍ਹਾਂ ਹੋਰ ਬਾਣੀਕਾਰਾਂ ਦੀ ਰਚਨਾ ਵਿੱਚ ਰਵਿਦਾਸ ਜੀ ਦਾ ਆਦਰ ਭਰਿਆ ਜ਼ਿਕਰ ਉਨ੍ਹਾਂ ਦੀ ਗੁਰਮਤਿ ਅੰਦਰ ਵੱਡੀ ਵਡਿਆਈ ਨੂੰ ਸਥਾਪਿਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਸ੍ਰੀਰਾਗੁ ਵਿੱਚ 1, ਗਉੜੀ ਵਿੱਚ 2, ਗਉੜੀ ਬੈਰਾਗਣਿ ਵਿੱਚ 2, ਗਉੜੀ ਪੂਰਬੀ ਵਿੱਚ 1, ਆਸਾ ਰਾਗ ਵਿੱਚ 6, ਗੂਜਰੀ ਵਿੱਚ 1, ਸੋਰਠਿ ਵਿੱਚ 7, ਧਨਾਸਰੀ ਵਿੱਚ 3, ਜੈਤਸਰੀ ਵਿੱਚ 1, ਸੂਹੀ ਵਿੱਚ 3, ਬਿਲਾਵਲੁ ਵਿੱਚ 2, ਗੋਂਡ ਵਿੱਚ 2, ਰਾਮਕਲੀ ਵਿੱਚ 1, ਮਾਰੂ ਵਿੱਚ 2, ਕੇਦਾਰਾ ਵਿੱਚ 1, ਭੈਰਉ ਵਿੱਚ 1, ਬਸੰਤੁ ਵਿੱਚ 1 ਅਤੇ ਮਲਾਰ ਰਾਗ ਵਿੱਚ 3 ਸ਼ਬਦ ਮੌਜੂਦ ਹਨ। ਇਸ ਤਰ੍ਹਾਂ 18 ਰਾਗਾਂ ਵਿੱਚ ਉਨ੍ਹਾਂ ਦੇ ਕੁੱਲ 40 ਸ਼ਬਦ ਹਨ। ਗੁਰੂ ਸਾਹਿਬਾਨ ਦੇ ਰਵਿਦਾਸ ਜੀ ਪ੍ਰਤੀ ਸਤਿਕਾਰ ਅਤੇ ਆਤਮਿਕ ਨੇੜਤਾ ਕਾਰਨ ਉਨ੍ਹਾਂ ਦੀ ਬਾਣੀ ਵਿੱਚ ਰਵਿਦਾਸ ਜੀ ਦੇ ਬੋਲ ਆਪ ਮੁਹਾਰੇ ਆਣ ਮਿਲਦੇ ਹਨ।
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਣੀਕਾਰ ਗੁਰੂਆਂ ਨੇ ਨਾਨਕ-ਮਾਰਗ ਦੇ ਪਾਂਧੀ ਹੋਣ ਕਰਕੇ ਆਪਣੇ-ਆਪ ਨੂੰ ਬਾਣੀ ਵਿੱਚ ‘ਨਾਨਕ’ ਹੀ ਲਿਖਿਆ। ਕਬੀਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਲੋਕਾਂ ਵਿੱਚ ਕਈ ਥਾਈਂ ਜੋ ਸਲੋਕ ‘ਮਹਲਾ ਪੰਜਵਾਂ’ ਲਿਖ ਕੇ ਆਉਂਦੇ ਹਨ ਉਨ੍ਹਾਂ ਵਿੱਚ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਂ ਲਈ ਨਾਨਕ ਦੀ ਬਜਾਇ ‘ਕਬੀਰ’ ਵਰਤਿਆ ਹੈ। ਇਸ ਗੱਲ ਨੂੰ ਭਗਤੀ ਲਹਿਰ ਦਾ ਵਿਚਾਰਧਾਰਕ ਪ੍ਰਵਾਹ ਜਾਂ ਲਗਾਤਾਰਤਾ ਕਹਿ ਸਕਦੇ ਹਾਂ ਕਿ ਕਬੀਰ ਸਾਹਿਬ ਨੇ ਆਪਣੇ ਇੱਕ ਸਲੋਕ ਵਿੱਚ ਖ਼ੁਦ ਨੂੰ ‘ਰਵਿਦਾਸ’ ਲਿਖਿਆ ਹੈ:
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸੌ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸੌ । । (1377, ਕਬੀਰ ਜੀ)
ਕਬੀਰ ਸਾਹਿਬ ਆਪਣੀ ਸ਼ਖ਼ਸੀਅਤ ਪਿੱਛੇ ਰਵਿਦਾਸ ਜੀ ਦੀ ਹੋਂਦ ਦੇ ਮਹੱਤਵ ਨੂੰ ਪਛਾਣਦੇ ਸਨ। ਜਾਂ ਕਹਿ ਸਕਦੇ ਹਾਂ ਕਿ ਕਬੀਰ ਜੀ ਰਵਿਦਾਸ ਜੀ ਦੇ ਬੋਲਾਂ ਨੂੰ ‘ਸਤਿ’ ਕਰਕੇ ਜਾਣਦੇ ਸਨ। ਇਸ ਤਰ੍ਹਾਂ ਕਬੀਰ ਜੀ ਆਪਣੇ ਗੁਰਭਾਈ ਰਵਿਦਾਸ ਜੀ ਪ੍ਰਤੀ ਜਿੱਥੇ ਸਤਿਕਾਰ ਪ੍ਰਗਟ ਕਰਦੇ ਹਨ ਉੱਥੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜਤਾ ਵੀ ਕਰਦੇ ਹਨ। ਉਨ੍ਹਾਂ ਦੀ ਬਾਣੀ ਵਿੱਚ ਕਈ ਥਾਈਂ ਅਸੀਂ ਰਵਿਦਾਸ ਜੀ ਦੀਆਂ ਰਮਜ਼ਾਂ ਦਾ ਖ਼ੁਲਾਸਾ ਵੀ ਦੇਖ ਸਕਦੇ ਹਾਂ।
ਇਸ ਤੋਂ ਇਹ ਪੱਕਾ ਨਿਰਣਾ ਕਰਨਾ ਤਾਂ ਉਚਿਤ ਨਹੀਂ ਹੋਵੇਗਾ ਕਿ ਰਵਿਦਾਸ ਜੀ ਕਬੀਰ ਸਾਹਿਬ ਤੋਂ ਵਡੇਰੀ ਉਮਰ ਦੇ ਸਨ। ਉਨ੍ਹਾਂ ਦੀ ਜਨਮ ਮਿਤੀ ਜਾਂ ਸਾਲ ਸਬੰਧੀ ਕੋਈ ਪੱਕੀ ਸੂਚਨਾ ਨਹੀਂ ਹੈ। ਵੱਖ-ਵੱਖ ਥਾਈਂ ਚੌਦਵੀਂ ਸਦੀ ਦੇ ਦੂਜੇ ਅੱਧ ਤੋਂ ਪੰਦਰਵੀਂ ਸਦੀ ਦੇ ਆਰੰਭ ਤਕ ਦੇ ਵੱਖੋ-ਵੱਖ ਸਾਲ ਰਵਿਦਾਸ ਜੀ ਦੇ ਜਨਮ ਵਰ੍ਹੇ ਵਜੋਂ ਦਰਜ ਹਨ। ਇਨ੍ਹਾਂ ਮੁਤਾਬਿਕ ਉਹ ਭਗਤ ਨਾਮਦੇਵ ਜੀ ਨਾਲੋਂ ਲਗਪਗ ਸਦੀ-ਸਵਾ ਸਦੀ ਮਗਰੋਂ ਅਤੇ ਗੁਰੂ ਨਾਨਕ ਦੇਵ ਜੀ ਤੋਂ ਲਗਪਗ ਸਦੀ-ਪੌਣੀ ਸਦੀ ਪਹਿਲਾਂ ਪੈਦਾ ਹੋਏ ਹਨ। ਕੁਝ ਵਰ੍ਹਿਆਂ ਦੇ ਫ਼ਰਕ ਨਾਲ ਉਨ੍ਹਾਂ ਦਾ ਜੀਵਨ ਕਾਲ ਭਗਤ ਕਬੀਰ ਜੀ ਦੇ ਜੀਵਨ ਕਾਲ ਨਾਲ ਮਿਲਦਾ-ਜੁਲਦਾ ਹੈ। ਆਪਣੀ ਬਾਣੀ ਵਿੱਚ ਕਈ ਥਾਈਂ ਰਵਿਦਾਸ ਜੀ ਨੇ ਕਬੀਰ ਜੀ ਪ੍ਰਤੀ ਜੋ ਸਤਿਕਾਰ ਪ੍ਰਗਟ ਕੀਤਾ ਹੈ ਉਸ ਤੋਂ ਕਬੀਰ ਜੀ ਦੇ ਉਨ੍ਹਾਂ ਤੋਂ ਵਡੇਰੇ ਹੋਣ ਦਾ ਝਉਲ਼ਾ ਵੀ ਪੈਂਦਾ ਹੈ। ਕਬੀਰ ਜੀ ਦੀ ਬਾਣੀ ਵਿੱਚ ਖ਼ਾਸਾ ਕਰਾਰਾਪਨ ਹੈ ਅਤੇ ਰਵਿਦਾਸ ਜੀ ਦੀ ਬਾਣੀ ਵਿਚ ਮਿਠਾਸ ਅਤੇ ਹਲੀਮੀ ਵਧੇਰੇ ਹੈ। ਇਸ ਦੇ ਬਾਵਜੂਦ ਦੋਵਾਂ ਨੂੰ ਜਿੰਨਾਂ ਵਖਰਿਆਉਂਣ ਦੀ ਕੋਸ਼ਿਸ਼ ਕਰਦੇ ਹਾਂ ਇਹ ਓਨੇ ਹੀ ਵੱਧ ਇਕ ਦੂਸਰੇ ਦੇ ਅੰਦਰੋਂ ਮਿਲਦੇ ਹਨ।
ਗੁਰੂ ਸਹਿਬਾਨ ਦਾ ਰਵਿਦਾਸ ਜੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਉਨ੍ਹਾਂ ਨਾਲ ਜੁੜੀਆਂ ਹੋਈਆਂ ਅਖੌਤੀ ਕਰਾਮਾਤਾਂ ਦੀਆਂ ਕਹਾਣੀਆਂ ਕਾਰਨ ਨਹੀਂ ਸਗੋਂ ਉਹਨਾਂ ਦੀ ਪ੍ਰੇਮ, ਭਗਤੀ, ਸ਼ੁਭਚਿੰਤਨ ਅਤੇ ਵੈਰਾਗ ਨਾਲ ਭਰਪੂਰ ਸ਼ਖ਼ਸੀਅਤ ਕਾਰਨ ਹੈ, ਉਨ੍ਹਾਂ ਦੀ ਬਾਣੀ ਦੀ ਉੱਚਤਾ ਕਾਰਨ ਹੈ। ਸੰਖੇਪਤਾ ਇਸ ਬਾਣੀ ਦਾ ਉਘੜਵਾਂ ਗੁਣ ਹੈ। ਗੁਰੂ ਸਾਹਿਬਾਨ ਨੇ ਉਹਨਾਂ ਦੇ ਥੋੜ੍ਹੇ ਲਫਜ਼ਾਂ ਵਿੱਚੋਂ ਬਹੁਤਾ ਸੁਣਿਆ। ਇਸੇ ਕਰਕੇ ਉਨ੍ਹਾਂ ਨੇ ਕਈ ਥਾਂਈਂ ਆਪਣੀ ਬਾਣੀ ਰਾਹੀਂ ਰਵਿਦਾਸ ਜੀ ਦੁਆਰਾ ਪ੍ਰਗਟ ਕੀਤੇ ਗਏ ਵਿਚਾਰਾਂ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੀ ਬਾਣੀ ਨੂੰ ਬਖਾਨਿਆਂ ਅਤੇ ਵਿਸਥਾਰਿਆ ਹੈ। ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 794 ਉਤਲੇ ਸ਼ਬਦ ਵਿੱਚ ਰਵਿਦਾਸ ਜੀ ਨੇ ਮਨੁੱਖ ਦੇ ਅੰਤ ਸਮੇਂ ਦਾ ਥੋੜ੍ਹੇ ਸ਼ਬਦਾਂ ਰਾਹੀਂ ਵਰਨਣ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਪੰਨਾ 634 ਤੇ ਦਰਜ ਸ਼ਬਦ ਰਾਹੀਂ ਰਵਿਦਾਸ ਜੀ ਦੇ ਇਸ ਸ਼ਬਦ ਦੀ ਸੰਖੇਪਤਾ ਨੂੰ ਖੋਲ੍ਹ ਕੇ ਵਿਸਥਾਰ ਨਾਲ ਸਮਝਾਇਆ ਹੈ।
ਰਵਿਦਾਸ ਜੀ: ਘਰ ਕੀ ਨਾਰਿ ਉਰਹਿ ਤਨ ਲਾਗੀ ਉਹ ਤਉ ਭੂਤੁ ਭੂਤੁ ਕਰਿ ਭਾਗੀ ¨। ।
ਗੁਰੂ ਤੇਗ ਬਹਾਦਰ: ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ¨। ।
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ । ।
ਇਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਜੀ ਦੇ ਬੋਲਾਂ, ਵਿਚਾਰਾਂ, ਸੰਕਲਪਾਂ ਅਤੇ ਸਰੋਕਾਰਾਂ ਦੇ ਬੀਜਾਂ, ਬੂਟਿਆਂ ਅਤੇ ਬਿਰਖਾਂ ਦੇ ਦਰਸ਼ਨ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਸਮੇਂ ਹਰੇਕ ਬਾਣੀ ਦੇ ਅੱਗੇ ਪਰਮਾਤਮਾ ਦੇ ਸੰਕਲਪ ਦਾ ਤੱਤ ਸਾਰ ਪੇਸ਼ ਕਰਨ ਵਾਲਾ ਜੋ ਪੂਰਾ ਜਾਂ ਸੰਖੇਪ ਮੂਲ ਮੰਤਰ ਦਰਜ ਕੀਤਾ ਗਿਆ ਹੈ ਉਸ ਮੂਲ ਮੰਤਰ ਦੇ ਅਨੇਕਾਂ ਬੀਜ ਰਵਿਦਾਸ ਜੀ ਦੀ ਬਾਣੀ ਵਿੱਚ ਸੌਖਿਆਂ ਹੀ ਦਿਸ ਸਕਦੇ ਹਨ।
ਇਸ ਤਰ੍ਹਾਂ ਰਵਿਦਾਸ ਜੀ ਆਪਣੇ ਵਿਚਾਰਾਂ ਅਤੇ ਚਿੰਤਨ ਰਾਹੀਂ ਸਿੱਖ ਧਰਮ ਦਾ ਵਿਚਾਰਧਾਰਕ ਆਧਾਰ ਤਿਆਰ ਕਰਨ ਵਿੱਚ ਅਹਿਮ ਹਿੱਸਾ ਪਾਉਂਦੇ ਹਨ। ਉਪਰੋਕਤ ਸ਼ਬਦਾਂ ਤੋਂ ਇਲਾਵਾ ਉਹਨਾਂ ਦੀ ਬਾਣੀ ਵਿਚ ਆਈ ਹੋਰ ਬਹੁਤ ਸਾਰੀ ਸ਼ਬਦਾਵਲੀ ਸਿੱਖੀ ਦੀ ਪਛਾਣ ਦੀ ਸ਼ਬਦਾਵਲੀ ਬਣੀ। ਜਿਵੇਂ ਗੁਰੂ, ਸਤਿਗੁਰੂ, ਸੰਗਤ, ਸਾਧਸੰਗਤ, ਸੰਤ, ਸਿਮਰਨ, ਅੰਮ੍ਰਿਤ, ਪੰਥ ਆਦਿ:
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟੌ । । (346)
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨੌ । ।(486)
ਮਾਧਉ ਸਤਸੰਗਤਿ ਸਰਨਿ ਤੁਮਾਰੀ ਹਮ ਅਉਗਨ ਤੁਮ ਉਪਕਾਰੀ । । (486)
ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾੌ । । (486)
ਸੰਤ ਤੁਝੀ ਤਨੁ ਸੰਗਤਿ ਪ੍ਰਾਨੌ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵੌ । । । (486)
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ਹਮ ਕਹੀਅਤ ਕਲਿਜੁਗ ਕੇ ਕਾਮੀ । । (710)
ਰਵਿਦਾਸ ਜੀ ਦੀ ਰਚਨਾ ਵਿੱਚ ਉਹਨਾਂ ਦੀ ਕਿਰਤ ਅਤੇ ਕਾਰ ਵਿਹਾਰ ਨਾਲ ਜੁੜੀ ਸ਼ਬਦਾਵਲੀ ਕਈ ਥਾਈਂ ਸਾਹਮਣੇ ਆਉਂਦੀ ਹੈ: ਜਿਵੇਂ ਢੋਰ, ਜੁੱਤੀ, ਰੰਬੀ, ਆਰ, ਧਾਗਾ, ਤੋਪਾ, ਗੰਢ ਆਦਿ। ਇਹ ਸ਼ਬਦਾਵਲੀ ਉਨ੍ਹਾਂ ਦੀ ਰਚਨਾ ਦੀ ਉਹਨਾਂ ਦੀ ਸ਼ਖ਼ਸੀਅਤ ਅਤੇ ਅਨੁਭਵ ਨਾਲ ਇਕਸੁਰਤਾ ਦੀ ਲਿਖਾਇਕ ਹੈ। ਰਵਿਦਾਸ ਜੀ ਕਿਰਤ ਦੇ ਗੌਰਵ ਅਤੇ ਆਨੰਦ ਦੇ ਨਾਲ-ਨਾਲ ਕਿਰਤੀ ਦੇ ਸਵੈ-ਸਨਮਾਨ ਨੂੰ ਉਜਾਗਰ ਕਰਦੇ ਹਨ, ਕਿਰਤ ਨਾਲ ਜੋੜੀ ਹੋਈ ਗਿਲਾਨੀ ਨੂੰ ਹੂੰਝਦੇ ਪੂੰਝਦੇ ਹਨ ਅਤੇ ਦੂਸਰਿਆਂ ਦੀ ਕਿਰਤ ਦੇ ਸਿਰ ’ਤੇ ਪਲਣ ਵਾਲੇ ਅਖੌਤੀ ਉੱਚ ਵਰਗ ਨੂੰ ਸ਼ਰਮਿੰਦਗੀ ਦਾ ਗੱਫਾ ਪਰੋਸਦੇ ਹਨ। ਸਿੱਖ ਵਿਚਾਰਧਾਰਾ ਦੀਆਂ ਨੀਹਾਂ ਵਿੱਚ ਪਈ ਰਵਿਦਾਸ ਜੀ ਵਰਗੇ ਕਿਰਤੀਆਂ ਦੀਆਂ ਸ਼ਖ਼ਸੀਅਤਾਂ ਦੀ ਸ਼ਕਤੀ ਅਤੇ ਵਿਚਾਰਾਂ ਦੀ ਰੌਸ਼ਨੀ ਸੰਯੁਕਤ ਹੋ ਕੇ ਸਿੱਖ ਧਰਮ ਦਾ ਬੁਨਿਆਦੀ ਅਸੂਲ ‘ਕਿਰਤ ਕਰਨਾ’ ਬਣਦੀ ਹੈ। ਰਵਿਦਾਸ ਜੀ ਨੇ ਲਗਪਗ ਹਰੇਕ ਸ਼ਬਦ ਦੇ ਅੰਤ ਵਿੱਚ ਆਪਣੇ ਨਾਂ ਦੇ ਨਾਲ ਆਪਣੀ ਨੀਵੀਂ ਸਮਝੀ ਜਾਂਦੀ ਜਾਤ ਦਾ ਨਾਂ ਦਰਜ ਕਰਕੇ ਜਨਮ ਆਧਾਰਿਤ ਊਚ-ਨੀਚ ਵਾਲੇ ਜਾਤੀ ਪ੍ਰਬੰਧ ਦੀ ਨਿਮਰਤਾ ਦੀ ਜੁਗਤ ਨਾਲ ਖਿੱਲੀ ਉਡਾਈ ਹੈ। ਉਨ੍ਹਾਂ ਦੇ ਜਾਤ ਪਾਤ ਵਿਰੋਧੀ ਵਿਚਾਰਾਂ ਨੂੰ ਅਗਾਂਹ ਤੋਰਦੇ ਹੋਏ ਗੁਰੂ ਸਾਹਿਬਾਨ ਨੇ ਸਾਂਝੇ ਲੰਗਰਾਂ ਅਤੇ ਸਰੋਵਰਾਂ ਦੀ ਰਚਨਾ ਕਰਕੇ ਬਰਾਬਰੀ ਨੂੰ ਵਿਹਾਰਕ ਅਤੇ ਸਮਾਜਕ ਤੌਰ ਤੇ ਵਿਸਥਾਰ ਪ੍ਰਦਾਨ ਕਰਨ ਦਾ ਮਹਾਨ ਕਾਰਜ ਕੀਤਾ।
‘ਕਿਰਤ ਕਰਨਾ’ ਤੋਂ ਬਾਅਦ ‘ਨਾਮ ਜਪਣਾ’ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ। ਸਾਰੇ ਬਾਣੀਕਾਰਾਂ ਵੱਲੋਂ ਧਰਮ ਦੇ ਨਾਂ ’ਤੇ ਹੋਣ ਵਾਲੇ ਕਰਮ ਕਾਂਡਾਂ ਨੂੰ ਰੱਦਿਆ ਗਿਆ। ਇਨ੍ਹਾਂ ਦੀ ਬਜਾਇ ਪ੍ਰੇਮ ਭਗਤੀ ਜਾਂ ‘ਨਾਮ ਜਪਣ’ ਦੇ ਮਹੱਤਵ ਨੂੰ ਸਥਾਪਿਤ ਕੀਤਾ ਗਿਆ। ਇਨ੍ਹਾਂ ਕਰਮ ਕਾਂਡਾਂ ਵਿੱਚੋਂ ਮੂਰਤੀਆਂ ਅੱਗੇ ਦੀਵੇ ਬਾਲ ਕੇ ਕੀਤੀ ਜਾਂਦੀ ਆਰਤੀ ਸਭ ਤੋਂ ਆਕਰਸ਼ਕ ਕਰਮ ਕਾਂਡ ਸੀ। ਇਸ ਕਰਮ ਕਾਂਡ ਸਬੰਧੀ ਕਈ ਬਾਣੀਕਾਰਾਂ ਦੀਆਂ ਰਚਨਾਵਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਵਿੱਚ ਇਸ ਰਸਮ ਪੂਰਤੀ ਦੀ ਬਜਾਇ ਸਮੁੱਚੀ ਸ੍ਰਿਸ਼ਟੀ ਦੇ ਕਰਤਾ ਦੀ ਬਲਿਹਾਰਤਾ ਨੂੰ ਧਿਆਉਣ ਦੀ ਗੱਲ ਕੀਤੀ ਗਈ। ਇਸ ਸਬੰਧੀ ਜੋ ਰਚਨਾ ਰਵਿਦਾਸ ਜੀ ਦੀ ਬਾਣੀ ਵਿੱਚ ਪ੍ਰਗਟ ਹੋਈ ਉਸ ਵਿਚ ਆਰਤੀ ਦੀ ਸਾਰੀ ਸਮੱਗਰੀ ਨੂੰ ਪਿਛਾਂਹ ਕਰਕੇ ਉਸ ਦੀ ਜਗ੍ਹਾ ‘ਨਾਮੁ’ ਨੂੰ ਵਡਿਆਇਆ ਗਿਆ ਹੈ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ । ।
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ । ।
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ। । (694)
ਆਰਤੀ ਦੇ ਹਵਾਲੇ ਨਾਲ ਕਬੀਰ ਜੀ, ਸੈਨ ਜੀ, ਪੀਪਾ ਜੀ ਅਤੇ ਧੰਨਾ ਜੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਬ੍ਰਹਿਮੰਡੀ ਆਰਤੀ ਸਬੰਧੀ ਸ਼ਾਹਕਾਰ ਰਚਨਾ ਕੀਤੀ। ਰਵਿਦਾਸ ਜੀ ਲਈ ਭਗਤੀ ਜਾਂ ਧਰਮ ਨਿੱਜੀ ਪ੍ਰਾਪਤੀ, ਖ਼ੁਸ਼ੀ ਜਾਂ ਮੁਕਤੀ ਲਈ ਨਹੀਂ, ਸਗੋਂ ਉਹ ਨਿਆਂ ਅਤੇ ਬਰਾਬਰੀ ਆਧਾਰਿਤ ਸਮਾਜ ਅਤੇ ਸੰਸਾਰ ਦਾ ਸੁਫਨਾ ਦੇਖਦੇ ਸਨ, ਜਿੱਥੇ ਹਰ ਕੋਈ ਖ਼ੁਸ਼ੀ, ਖ਼ੁਸ਼ਹਾਲੀ, ਸੁਤੰਤਰਤਾ ਅਤੇ ਮੁਹੱਬਤ ਭਰੇ ਜੀਵਨ ਦਾ ਭਾਗੀ ਬਣ ਸਕੇ। ਤਕੜੇ ਦੇ ਜ਼ੁਲਮ ਅਤੇ ਸ਼ੋਸ਼ਣ ਦਾ ਕੋਈ ਸ਼ਿਕਾਰ ਨਾ ਹੋਵੇ ।
ਇਹ ਸੁਫਨਾ ਗੁਰੂ ਸਾਹਿਬਾਨ ਦੁਆਰਾ ਖੜ੍ਹੀ ਕੀਤੀ ਗਈ ਸਿੱਖ ਲਹਿਰ ਦੇ ਏਜੰਡੇ ਦਾ ਕੇਂਦਰੀ ਨੁਕਤਾ ਵੀ ਬਣਿਆ। ਸਿੱਖੀ ਦੇ ਪ੍ਰਚਾਰ ਦਾ ਭਾਵ ਇਸ ਸੁਫਨੇ ਨੂੰ ਜਨ ਜਨ ਦੇ ਖ਼ੂਨ ਵਿੱਚ ਉਤਾਰਨਾ ਸੀ ਅਤੇ ਖ਼ਾਲਸਾ ਪੰਥ ਦੀ ਸਾਜਨਾ ਇਸ ਸੁਫ਼ਨੇ ਦੀ ਪੂਰਤੀ ਲਈ ਇਨਕਲਾਬੀ ਪ੍ਰਤਿਬੱਧਤਾ ਦਾ ਐਲਾਨਨਾਮਾ ਸੀ।

- ਇੰਜ. ਜਸਵੰਤ ਸਿੰਘ ਜ਼ਫ਼ਰ