ਚੰਡੀਗਡ਼੍ਹ ਪੁਲੀਸ ਵੱਲੋਂ ਚਾਰ ਸਾਲਾ ਬੱਚੇ ਦੇ ਅਗਵਾਕਾਰ ਅੰਬਾਲਾ ਤੋਂ ਕਾਬੂ

ਚੰਡੀਗਡ਼੍ਹ ਪੁਲੀਸ ਵੱਲੋਂ ਚਾਰ ਸਾਲਾ ਬੱਚੇ ਦੇ ਅਗਵਾਕਾਰ ਅੰਬਾਲਾ ਤੋਂ ਕਾਬੂ

     ਚੰਡੀਗੜ੍ਹ ਪੁਲੀਸ ਵੱਲੋਂ ਅਗਵਾਕਾਰ ਦੀ ਉਤਰ ਪ੍ਰਦੇਸ਼ ਤੱਕ ਪੈੜ ਨੱਪਣ ਤੋਂ ਬਾਅਦ ਚਾਰ ਸਾਲਾ ਬਾਲਕ ਅਜੈ ਦੀ ਜਾਨ ਬਚਾ ਲਈ ਹੈ। ਪਿਛਲੇ 48 ਘੰਟਿਆਂ ਦੌਰਾਨ ਪੁਲੀਸ ਦੀਆਂ ਕਈ ਟੀਮਾਂ ਵਲੋਂ ਪਾਣੀਪਤ, ਸਹਾਰਨਪੁਰ, ਬਰੇਲੀ, ਉੱਤਰ ਪ੍ਰਦੇਸ਼, ਜਗਾਧਰੀ, ਯਮੁਨਾਨਗਰ ਤੱਕ ਪਿੱਛਾ ਕਰਨ ਤੋਂ ਬਾਅਦ ਅਖੀਰ ਅਗਵਾਕਾਰ ਸੁਰੇਸ਼ ਕੁਮਾਰ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ ਅਜੈ ਨੂੰ ਛੁਡਵਾ ਲਿਆ ਹੈ। ਦੱਸਣਯੋਗ ਹੈ ਕਿ ਸੁਰੇਸ਼ ਵਲੋਂ 25 ਜਨਵਰੀ ਦੀ ਸ਼ਾਮ ਨੂੰ ਪਿੰਡ ਕਿਸ਼ਨਗੜ੍ਹ ਵਿਖੇ ਆਪਣੀ ਗੁਆਂਢ ਵਿਚ ਰਹਿੰਦੀ ਗਿਆਨਵਤੀ ਦੇ ਚਾਰ ਸਾਲਾ ਪੁੱਤਰ ਅਜੈ ਨੂੰ ਅਗਵਾ ਕਰ ਲਿਆ ਸੀ। ਫਿਲਹਾਲ ਸੁਰੇਸ਼ ਬੱਚੇ ਦੇ ਮਾਪਿਆਂ ਕੋਲੋਂ ਫਿਰੌਤੀ ਮੰਗਣ ਦੀ ਤਾਕ ਵਿਚ ਹੀ ਸੀ ਕਿ ਲੰਘੀ ਰਾਤ ਚੰਡੀਗੜ੍ਹ ਪੁਲੀਸ ਦੀ ਟੀਮ ਨੇ ਮਨੀਮਾਜਰਾ ਥਾਣੇ ਦੇ ਐਸਐਚਓ ਜਸਬੀਰ ਸਿੰਘ ਦੀ ਅਗਵਾਈ  ਹੇਠ ਅੰਬਾਲਾ ਸਟੇਸ਼ਨ ਵਿਖੇ ਘੇਰਾਬੰਦੀ ਕਰਕੇ ਸੁਰੇਸ਼ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਉਸ ਕੋਲੋਂ ਅਜੈ ਨੂੰ ਬਰਾਮਦ ਕਰ ਲਿਆ ਹੈ, ਜੋ ਠੀਕ-ਠਾਕ ਹੈ। ਪੁਲੀਸ ਅਨੁਸਾਰ ਪੇਂਟਰ ਦਾ ਕੰਮ ਕਰਦਾ ਸੁਰੇਸ਼ ਨਸ਼ੇ-ਪੱਤੇ ਅਤੇ ਹੋਰ ਕੰਮਾਂ ਦਾ ਵੀ ਸ਼ੌਕੀਨ ਸੀ। ਉਸ ਦੇ ਗੁਆਂਢ ਵਿਚ ਗਿਆਨਵਤੀ ਰਹਿੰਦੀ ਹੈ। ਗਿਆਨਵਤੀ ਦਾ ਚਾਰ ਸਾਲਾ ਪੁੱਤਰ ਅਜੈ ਉਥੇ ਨਾਲ ਲਗਦੀ ਪਾਰਕ ਵਿਚ ਅਕਸਰ ਖੇਡਣ ਜਾਂਦਾ ਸੀ। ਉਹ ਗਿਆਨਵਤੀ ਦੇ ਪਰਿਵਾਰ ਨੂੰ ਜਾਣਦਾ ਸੀ। ਪੁਲੀਸ ਅਨੁਸਾਰ ਸੁਰੇਸ਼ ਦੇ ਮਨ ਵਿਚ ਲਾਲਚ ਆਇਆ ਅਤੇ ਉਸ ਨੇ ਆਪਣੇ ਗਲੈਮਰ ਭਰੇ ਸ਼ੌਕ ਪੂਰੇ ਕਰਨ ਲਈ ਅਜੈ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ। ਆਮ ਵਾਂਗ 25 ਜਨਵਰੀ ਦੀ ਸ਼ਾਮ ਨੂੰ ਜਦੋਂ ਅਜੈ ਘਰ ਨਾਲ ਲੱਗਦੇ ਪਾਰਕ ਵਿਚ ਖੇਡਣ ਗਿਆ ਤਾਂ ਪਹਿਲਾਂ ਹੀ ਉਸ ਦੀ ਤਾਕ ਵਿਚ ਬੈਠੇ ਸੁਰੇਸ਼ ਨੇ ਉਸ ਨੂੰ ਵਰਗਲਾ ਲਿਆ। ਸੁਰੇਸ਼ ਅਕਸਰ ਇਥੇ ਬੱਚਿਆਂ ਨੂੰ ਟੌਫੀਆਂ ਆਦਿ ਵੰਡਦਾ ਸੀ। ਜਦੋਂ ਰਾਤ ਤੱਕ ਅਜੈ ਘਰ ਨਾ ਪੁੱਜਾ ਤਾਂ ਉਸ ਦੇ ਪਿਤਾ ਅਸ਼ੋਕ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਲੜਕੇ ਦੀ ਮਾਤਾ ਨੇ ਸੁਰੇਸ਼ ਉਪਰ ਸ਼ੱਕ ਜ਼ਾਹਿਰ ਕੀਤਾ। ਜਦੋਂ ਪੁਲੀਸ ਨੇ ਮੁੱਢਲੀ ਪੜਤਾਲ ਕੀਤੀ ਤਾਂ ਉਸੇ ਪਾਰਕ ਵਿਚ ਖੇਡਦੇ ਹੋਰ ਬੱਚਿਆਂ ਨੇ ਦੱਸਿਆ ਕਿ ਘਟਨਾ ਮੌਕੇ ਸੁਰੇਸ਼ ਉਨ੍ਹਾਂ ਦੇ ਇਰਦ-ਗਿਰਦ ਘੁੰਮ ਰਿਹਾ ਸੀ ਅਤੇ ਉਹ ਹੀ ਅਜੈ ਨੂੰ ਆਪਣੇ ਨਾਲ ਲੈ ਕੇ ਗਿਆ ਹੈ। ਇਸ ਤੋਂ ਬਾਅਦ ਪੁਲੀਸ ਨੇ ਤੁਰੰਤ ਸੁਰੇਸ਼ ਦੇ ਘਰ ਛਾਪਾ ਮਾਰਿਆ ਪਰ ਉਥੇ ਤਾਲਾ ਲੱਗਾ ਹੋਇਆ ਸੀ, ਜਿਸ ਕਾਰਨ ਪੁਲੀਸ ਦਾ ਸ਼ੱਕ ਪੱਕਾ ਹੋ ਗਿਆ।
ਏਐਸਪੀ (ਪੂਰਬ) ਪਰਵਿੰਦਰ ਸਿੰਘ ਨੇ ਆਪਣੀ ਡਵੀਜ਼ਨ ਦੇ ਪੁਲੀਸ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਕਰਕੇ ਐਸਐਚਓ ਜਸਬੀਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਇਸ ਤੋਂ ਇਲਾਵਾ ਪੁਲੀਸ ਚੌਕੀ ਮੌਲੀਜੱਗਰਾਂ ਦੇ ਇੰਚਾਰਜ ਰੋਹਤੇਸ਼ ਦੀ ਅਗਵਾਈ ਹੇਠ ਸਬ ਇੰਸਪੈਕਟਰ ਗੁਰਮੀਤ ਸਿੰਘ, ਹੌਲਦਾਰ ਬਲਬੀਰ ਚੰਦ ਅਤੇ ਸਿਪਾਹੀ ਮੋਹਿਤ, ਸੁਰਿੰਦਰ, ਸ਼ੁਭਕਰਮ, ਪ੍ਰੇਮ ਸਿੰਘ, ਰਾਜੇਸ਼ ਅਤੇ ਭਗਤ ਸਿੰਘ ਦੀ ਅਗਵਾਈ ਹੇਠ ਟੀਮ ਬਣਾਈ ਗਈ। ਸਾਈਬਰ ਕਰਾਈਮ ਸੈੱਲ ਵੱਲੋਂ ਮੁਲਜ਼ਮ ਸੁਰੇਸ਼ ਦੇ ਮੋਬਾਈਲ ਫੋਨ ਦੇ ਅਧਾਰ ’ਤੇ ਤਕਨੀਕੀ ਢੰਗ ਨਾਲ ਉਸ ਦੀ ਲੁਕੇਸ਼ਨ ਦੀ ਜਾਣਕਾਰ ਟੀਮਾਂ ਨੂੰ ਨਿਰੰਤਰ ਮੁਹੱਈਆ ਕਰਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਪੁਲੀਸ ਟੀਮਾਂ ਅੰਬਾਲਾ, ਪਾਣੀਪਤ, ਜਗਾਧਰੀ, ਯਮੁਨਾਨਗਰ ਅਤੇ ਬਰੇਲੀ ਮੁਲਜ਼ਮ ਦੀ ਪੈੜ ਨੱਪਦੀ ਰਹੀ। ਇਸ ਤੋਂ ਇਲਾਵਾ ਪੁਲੀਸ ਕੰਟਰੋਲ ਰੂਮ ਦੀਆਂ ਜਿਪਸੀਆਂ ਨੇ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ ਘੇਰਾਬੰਦੀ ਕੀਤੀ ਹੋਈ ਸੀ। ਪੁਲੀਸ ਨੇ ਕਿਸ਼ਨਗੜ੍ਹ ਵਿਖੇ ਸੁਰੇਸ਼ ਦੇ ਸ਼ਹਿਰ ਨਾਲ ਸਬੰਧਤ ਬਰੇਲੀ ਦੇ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਟਿਕਾਣਿਆਂ ਦੀ ਜਾਣਕਾਰੀ ਹਾਸਲ ਕੀਤੀ। ਸੂਤਰਾਂ ਅਨੁਸਾਰ ਪਤਾ ਲੱਗਾ ਕਿ ਸੁਰੇਸ਼ ਅੰਬਾਲਾ ਸਟੇਸ਼ਨ ਵੱਲ ਆ ਰਿਹਾ ਹੈ। ਐਸਐਚਓ ਜਸਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਤੁਰੰਤ ਅੰਬਾਲਾ ਸਟੇਸ਼ਨ ਪਹੁੰਚ ਕਰਕੇ ਲੰਘੀ ਰਾਤ ਸੁਰੇਸ਼ ਨੂੰ ਉਥੋਂ ਦਬੋਚ ਲਿਆ। ਮੁੱਢਲੀ ਪੜਤਾਲ ਦੌਰਾਨ ਸੁਰੇਸ਼ ਨੇ ਦੱਸਿਆ ਕਿ ਉਹ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਅਜੈ ਦੇ ਮਾਪਿਆਂ ਕੋਲੋਂ ਫਿਰੌਤੀ ਮੰਗਣ ਦੀ ਤਾਕ ਵਿਚ ਸੀ। ਪੁਲੀਸ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਸ ਦੀ ਪੁੱਛ-ਪੜਤਾਲ ਕਰ     ਰਹੀ ਹੈ।