ਬਹੂ ਲਾਓ-ਬੇਟੀ ਬਚਾਓ ਮੁਹਿੰਮ 15 ਫਰਵਰੀ ਤੋਂ

‘ਬਹੂ ਲਾਓ-ਬੇਟੀ ਬਚਾਓ’ ਮੁਹਿੰਮ 15 ਫਰਵਰੀ ਤੋਂ

ਹਰਿਆਣਾ ਵਿੱਚ ਹਿੰਦੂ ਮਹਾ ਸਭਾ ਮੁੱਖ ਮੰਤਰੀ ਮਨੋਹਰ ਲਾਲ ਲਈ ਨਵੀਂ ਮੁਸੀਬਤ ਖਡ਼੍ਹੀ ਕਰਨ ਵਾਲੀ ਹੈ। ਅੱਜ ਚੰਡੀਗੜ੍ਹ ਰੋਡ ’ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੀਨੀਅਰ ਉਪ ਪ੍ਰਧਾਨ ਧਰਮ ਪਾਲ ਸਿਵਾਚ ਨੇ ਐਲਾਨ ਕੀਤਾ ਕਿ ਲਵ ਜਿਹਾਦ ਖ਼ਿਲਾਫ਼ ਉਨ੍ਹਾਂ ਵੱਲੋਂ ‘ਬਹੂ ਲਾਓ-ਬੇਟੀ ਬਚਾਓ’ ਮੁਹਿੰਮ 15 ਫਰਵਰੀ ਤੋਂ ਹਿਸਾਰ ਵਿੱਚ ਹਵਨ-ਯੱਗ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਚਲਦਿਆਂ ਹਿੰਦੂ ਲੜਕੇ ਕੰਵਾਰੇ ਨਹੀਂ ਰਹਿਣਗੇ। ਇਹ ਮੁਹਿੰਮ ਕੇਵਲ ਹਰਿਆਣਾ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਵਿਚ ਚਲਾਈ ਜਾਵੇਗੀ। ਇਸ ਮੌਕੇ ਹਿੰਦੂ ਮਹਾ ਸਭਾ ਦੇ ਪ੍ਰਦੇਸ਼ ਪ੍ਰਧਾਨ ਰਮੇਸ਼ ਪਾਨੂੰ ਵੀ ਮੌਜੂਦ ਸਨ। ਸ੍ਰੀ ਸਿਵਾਚ ਨੇ ਕਿਹਾ ਕਿ ਹਿੰਦੂ ਕੰਵਾਰੇ ਲੜਕੇ ਮੁਸਲਿਮ ਸਮਾਜ ਦੀਆਂ ਲੜਕੀਆਂ ਨਾਲ ਸ਼ਾਦੀ ਕਰਕੇ ਉਨ੍ਹਾਂ ਨੂੰ ਇੱਜ਼ਤ ਤੇ ਸਨਮਾਨ ਦੇਣ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜੇ ਬੇਟੀ ਬਚਾਣੀ ਹੈ ਤਾਂ ਕੰਨਿਆ ਭਰੂਣ ਹੱਤਿਆ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ‘ਬਹੂ ਲਾਓ-ਬੇਟੀ ਬਚਾਓ’ ਮੁਹਿੰਮ ਤਹਿਤ ਹਿੰਦੂ ਲੜਕਿਆਂ ਨੂੰ ਮੁਸਲਮਾਨ, ਈਸਾਈ ਜਾਂ ਹੋਰ ਭਾਈਚਾਰਿਆਂ ਦੀਆਂ ਲੜਕੀਆਂ ਨਾਲ ਸ਼ਾਦੀਆਂ ਕਰਕੇ ਆਪਣੇ ਘਰ ਵਸਾਉਣ ਦੀ ਅਪੀਲ ਕੀਤੀ ਜਾਵੇਗੀ। ੳੁਨ੍ਹਾਂ ਨੇ ਕਿਹਾ ਕਿ ਲਵ ਜਿਹਾਦ ਜ਼ਰੀਏ ਕੁਝ ਮੁਸਲਮਾਨ ਸਾਡੀਆਂ ਲੜਕੀਆਂ ਨੂੰ ਧੋਖਾ ਦਿੰਦੇ ਹਨ ਪਰ ‘ਬਹੂ ਲਾਓ-ਬੇਟੀ ਬਚਾਓ’ ਮੁਹਿੰਮ ਵਿੱਚ ਉਹ ਹੋਰ ਭਾਈਚਾਰਿਆਂ ਦੀਆਂ ਬੇਟੀਆਂ ਦੇ ਸਨਮਾਨ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਉਹ ਦੂਜੇ ਧਰਮ ਦੀਆਂ ਬਹੂਆਂ ਲਿਆਉਣਗੇ ਅਤੇ ਆਪਣੀਆਂ ਲੜਕੀਆਂ ਨੂੰ ਦੂਜੇ ਧਰਮਾਂ ਵਿੱਚ ਜਾਣ ਤੋਂ ਬਚਾਉਣਗੇ।
ਇਸ ਮੌਕੇ ਹਿੰਦੂ ਮਹਾ ਸਭਾ ਦੇ ਪ੍ਰਦੇਸ਼ਕ ਬੁਲਾਰੇ ਲਲਿਤ ਭਾਰਦਵਾਜ, ਯੁਵਾ ਹਿੰਦੂ ਮਹਾਸਭਾ ਦੇ ਪ੍ਰਦੇਸ਼ ਪ੍ਰਧਾਨ ਵਿਨੋਦ ਸ਼ਰਮਾ, ਦਵਿੰਦਰ ਭਾਰਦਵਾਜ, ਮਨੋਜ ਲਾਠਰ, ਦੇਵੀ ਰਾਮ ਕੌਸ਼ਿਕ, ਸਰਦਾਰ ਕ੍ਰਿਸ਼ਨ ਇਲਾਵਾਦੀ ਆਦਿ ਹਾਜ਼ਰ ਸਨ।