ਪੰਜਾਬੀ ਫ਼ਿਲਮ ‘ਇਹ ਜਨਮ ਤੁਮਾਹਰੇ ਲੇਖੇ’ ਭਲਕੇ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ‘ਇਹ ਜਨਮ ਤੁਮਾਹਰੇ ਲੇਖੇ’ ਭਲਕੇ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ‘ਇਹ ਜਨਮ ਤੁਮਾਹਰੇ ਲੇਖੇ’ ਸਬੰਧੀ ਜਾਣਕਾਰੀ ਦਿੰਦੇ ਹੋਏ ਮਲਕੀਤ ਰੌਣੀ।

     ਭਗਤ ਪੂਰਨ ਸਿੰਘ ਵੱਲੋਂ ਜੀਵਨ ਵਿੱਚ ਕੀਤੀਆਂ ਸੇਵਾਵਾਂ ਨੂੰ ਪੇਸ਼ ਕਰਦੀ ਪੰਜਾਬੀ ਫ਼ਿਲਮ ‘ਇਹ ਜਨਮ ਤੁਮਾਹਰੇ ਲੇਖੇ’ 30 ਜਨਵਰੀ ਨੂੰ ਦੁਨੀਆਂ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ, ਜੋ ਕਿ ਸੱਚੀ ਕਹਾਣੀ ’ਤੇ ਅਧਾਰਿਤ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਵੇਗੀ। ਇਹ ਵਿਚਾਰ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਦੀ ਨਾਟਕ ਟੀਮ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਇਸ ਫ਼ਿਲਮ ਸਬੰਧੀ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।
ਮੰਚ ਦੇ ਖ਼ਜ਼ਾਨਚੀ ਮੱਖਣ ਸਿੰਘ ਖੋਖਰ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦ ਡਾ. ਹਰਜੀਤ ਸਿੰਘ ਤੇ ਤਜਿੰਦਰ ਹਰਜੀਤ ਨੇ ਲਿਖੇ ਹਨ। ਫ਼ਿਲਮ ਵ੍ਹਾੲੀਟ ਹਿੱਲ ਪ੍ਰੋਡਕਸ਼ਨ ਤੇ ਪੂਨੀਲੈਂਡ ਸਟੂਡੀਓ ਦੀ ਪੇਸ਼ਕਾਰੀ ਰਾਹੀਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੇ ਬਣਾੲੀ ਹੈ। ਇਸ ਫ਼ਿਲਮ ਵਿੱਚ ਮੰਚ ਦੇ ਕਲਾਕਾਰ ਰਣਦੀਪ ਸਿੰਘ ਚੂਹੜ ਮਾਜਰਾ ਨੇ ਅਹਿਮ ਰੋਲ ਅਦਾ ਕੀਤਾ ਹੈ, ਜਿਸ ਵਿੱਚ ਉਸ ਨੂੰ ਇੱਕ ਅਜਿਹਾ ਪਾਤਰ ਦਰਸਾਇਆ ਗਿਆ ਹੈ ਜਿਸ ਨੂੰ ਭਗਤ ਪੂਰਨ ਸਿੰਘ ਆਪਣੀ ਜ਼ਿੰਦਗੀ ਦੇ 18 ਸਾਲ ਮੋਢਿਆਂ ’ਤੇ ਚੁੱਕ ਕੇ ਸੇਵਾ ਕਰਦੇ ਰਹੇ। ਇਸ ਫ਼ਿਲਮ ਵਿੱਚ ਭਗਤ ਪੂਰਨ ਸਿੰਘ ਦਾ ਕਿਰਦਾਰ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਪਵਨ ਮਲਹੋਤਰਾ ਨੇ ਨਿਭਾਇਆ ਹੈ ਤੇ ਹੋਰ ਕਲਾਕਾਰਾਂ ਵਿੱਚ ਅਰਜੁਨ ਭੱਲਾ, ਅਰਵਿੰਦਰ ਕੌਰ, ਮਾ. ਯੁਵਰਾਜ ਤੇ ਸਦਾਂਸ਼ੂ ਅਗਰਵਾਲ ਹਨ। ਫ਼ਿਲਮ ਦਾ ਸੰਗੀਤ ਗੁਰਮੋਹ ਤੇ ਵਿੱਕੀ ਭੋਈ ਨੇ ਤਿਆਰ ਕੀਤਾ।
ਇਸ ਮੌਕੇ ਹਰਵਿੰਦਰ ਔਜਲਾ, ਮੱਖਣ ਸਿੰਘ, ਮਲਕੀਤ ਸਿੰਘ ਚੱਕਲੋਹਟ, ਜਰਨੈਲ ਸਿੰਘ, ਰਣਦੀਪ ਰਾਣਾ ਤੇ ਸੁਮਿਤ ਕੌਰ ਆਦਿ ਕਲਾਕਾਰ ਹਾਜ਼ਰ ਸਨ।