ਪੀਪੀਐਸਸੀ ਨੇ 26 ਡੀਐਸਪੀ ਦੀ ਭਰਤੀ ਲਈ ਸਰੀਰਕ ਟੈਸਟ ਲਿਆ

ਪੀਪੀਐਸਸੀ ਨੇ 26 ਡੀਐਸਪੀ ਦੀ ਭਰਤੀ ਲਈ ਸਰੀਰਕ ਟੈਸਟ ਲਿਆ

      ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸ) ਵੱਲੋਂ ਅੱਜ 10 ਡੀਐਸਸੀ ਤੇ 16 ਡੀਐਸਪੀ (ਜੇਲ੍ਹ) ਦਾ ਫਿਜ਼ੀਕਲ ਟੈੱਸਟ ਇੱਥੇ ਫਿਜ਼ੀਕਲ ਕਾਲਜ ਵਿੱਚ ਲਿਆ। ਇਹ ਟੈੱਸਟ ਕੱਲ੍ਹ ਵੀ ਚਲਦਾ ਰਹੇਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਲਈ 120 ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ ਜਦ ਕਿ 96 ਉਮੀਦਵਾਰ ਹੀ ਪੁੱਜੇ, ਜਿਨ੍ਹਾਂ ਵਿੱਚ 40 ਉਮੀਦਵਾਰਾਂ ਨੇ ਟੈੱਸਟ ਵਿੱਚ ਸਾਰੇ ਪੱਖ ਪੂਰੇ ਕੀਤੇ। ਅੱਜ ਦਾ ਟੈੱਸਟ ਲੈਣ ਦੇ ਇੰਚਾਰਜ ਪੀਪੀਐਸਸੀ ਦੇ ਮੈਂਬਰ ਐਚ ਐਸ ਗਰੇਵਾਲ ਨੇ ਦੱਸਿਆ ਕਿ ਮਰਦਾਂ ਲਈ 1600 ਮੀਟਰ ਦੌੜ 7.30 ਮਿੰਟ ਵਿੱਚ ਪੂਰੀ ਕਰਨੀ ਸੀ ਜਦ ਕਿ ਔਰਤਾਂ ਲਈ 800 ਮੀਟਰ ਦੀ ਦੌੜ 4.45 ਮਿੰਟ ਵਿੱਚ ਪੂਰੀ ਕਰਨੀ ਸੀ, ਇਸੇ ਤਰ੍ਹਾਂ ਲੰਬੀ ਛਾਲ ਮਰਦਾਂ ਲਈ 3. 6 ਮੀਟਰ ਅਤੇ ਔਰਤਾਂ ਲਈ 3 ਮੀਟਰ ਹੋਣੀ ਲਾਜ਼ਮੀ ਹੈ। ਉਚੀ ਛਾਲ 1.15 ਮੀਟਰ ਮਰਦਾਂ ਲਈ ਤੇ ਇੱਕ ਮੀਟਰ ਔਰਤਾਂ ਲਈ ਨਿਰਧਾਰਿਤ ਹੈ। ਇਸੇ ਤਰ੍ਹਾਂ ਮਰਦਾਂ ਲਈ ਦੋ ਮੀਟਰ ਰੱਸੀ ਚੜ੍ਹਨੀ ਵੀ ਟੈੱਸਟ ਵਿਚ ਰੱਖੀ ਗਈ ਸੀ। ਇਸ ਟੈੱਸਟ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ ਜਿਸ ਤਹਿਤ ਸਾਰਾ ਟੈੱਸਟ ਸਹੀ ਕਰਨ ਲਈ ਫ਼ੌਜ ਕੋਲੋਂ ਵੀ ਮਦਦ ਲਈ ਗਈ ਸੀ।
ਇਸ ਸਮੇਂ ਸਾਰੇ ਟੈੱਸਟ ਲੈਣ ਸਮੇਂ ਵੀਡੀਓਗ੍ਰਾਫੀ ਵੀ ਕਰਾਈ ਗਈ। ਇਸ ਸਾਰੀ ਪ੍ਰਕਿਰਿਆ ਵਿਚ ਸ੍ਰੀਮਤੀ ਅਮੀਤਾ ਪਾਂਡਵ, ਰਾਹੁਲ ਸਿੱਧੂ, ਡਾ. ਕੁਲਦੀਪ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸੇ ਤਹਿਤ ਕੱਲ੍ਹ 29 ਜਨਵਰੀ ਨੂੰ ਵੀ 120 ਉਮੀਦਵਾਰ ਫਿਜ਼ੀਕਲ ਟੈੱਸਟ ਦੇਣ ਲਈ ਬੁਲਾਏ ਗਏ ਹਨ।