ਗੁਆਂਢੀ ਦੀ ਖੌਫਨਾਕ ਕਰਤੂਤ, ਸਾਰੀ ਰਾਤ ਸੁੱਕਣੇ ਪਏ

ਗੁਆਂਢੀ ਦੀ ਖੌਫਨਾਕ ਕਰਤੂਤ, ਸਾਰੀ ਰਾਤ ਸੁੱਕਣੇ ਪਏ

ਮੋਹਾਲੀ ਦੇ ਸੈਕਟਰ-71 'ਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਏਅਰਫੋਰਸ ਦੇ ਇਕ ਸਾਬਕਾ ਅਧਿਕਾਰੀ ਦਾ ਪੂਰਾ ਪਰਿਵਾਰ ਗੁਆਂਢੀ ਦੀ ਖੌਫਨਾਕ ਕਰਤੂਤ ਕਾਰਨ ਸਾਰੀ ਰਾਤ ਸੁੱਕਣਾ ਪਿਆ ਰਿਹਾ। ਅਸਲ 'ਚ ਉਨ੍ਹਾਂ ਦੇ ਗੁਆਂਢੀ ਨੇ ਇਕ 7 ਫੁੱਟ ਲੰਬਾ ਸੱਪ ਉਨ੍ਹਾਂ ਦੇ ਘਰ ਛੱਡ ਦਿੱਤਾ।
ਜਾਣਕਾਰੀ ਮੁਤਾਬਕ ਜਸੰਵਤ ਸਿੰਘ ਦੇ ਬੇਟੇ ਗਗਨਦੀਪ ਨੇ ਦੱਸਿਆ ਕਿ ਉਹ ਆਪਣੇ ਗੁਆਂਢੀ ਤੋਂ ਕਾਫੀ ਪਰੇਸ਼ਾਨ ਹਨ। ਉਸ ਨੇ ਮੰਗਲਵਾਰ ਦੀ ਰਾਤ ਨੂੰ ਉਨ੍ਹਾਂ ਦੇ ਘਰ ਇਕ ਜ਼ਹਿਰੀਲਾ ਸੱਪ ਛੱਡ ਦਿੱਤਾ। ਦੇਰ ਰਾਤ ਜਦੋਂ ਗਗਨ ਦੇ ਪਿਤਾ ਦੀ ਨਜ਼ਰ ਸੱਪ 'ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਲਏ ਪਰ ਰਸੋਈ ਵਾਲੀ ਸਾਈਡ 'ਤੇ ਸੱਪ ਪੂਰੀ ਰਾਤ ਲਟਕਿਆ ਰਿਹਾ।
ਹਨੇਰਾ ਹੋਣ ਕਾਰਨ ਪਰਿਵਾਰ ਨੂੰ ਡਰ ਸੀ ਕਿ ਕਿਤੇ ਸੱਪ ਘਰ ਦੇ ਅੰਦਰ ਨਾ ਵੜ ਜਾਵੇ। ਇਸ ਕਾਰਨ ਪਰਿਵਾਰ ਵਾਲਿਆਂ ਨੇ ਪੂਰੀ ਰਾਤ ਖੌਫ 'ਚ ਕੱਟੀ। ਸਵੇਰ ਹੁੰਦੇ ਹੀ ਸਪੇਰੇ ਨੂੰ ਬੁਲਾਇਆ ਗਿਆ ਅਤੇ ਕਰੀਬ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਸੱਪ ਨੂੰ ਕਾਬੂ ਕੀਤਾ ਗਿਆ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਗੁਆਂਢੀ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਅਤੇ ਉਸ ਤੋਂ ਆਪਣੀ ਜਾਨ ਦਾ ਖਤਰਾ ਦੱਸਿਆ ਹੈ।